ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ 15 ਰੋਜ਼ਾ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਲਈ ਰਵਾਨਾ
ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ 15 ਰੋਜ਼ਾ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਲਈ ਰਵਾਨਾ
Punjab News, 20 ਦਸੰਬਰ 2025 –
ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 02 ਮੈਗਾ ਵਿੰਟਰ ਕੈਂਪਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪਹਿਲਾ ਵਿੰਟਰ ਕੈਂਪ 10+2 ਜਮਾਤ ਵਿੱਚ ਪੜ੍ਹਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਦੂਸਰਾ ਵਿੰਟਰ ਕੈਂਪ 10+1 ਜਮਾਤ ਵਿੱਚ ਪੜ੍ਹਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ।
ਇਹਨਾਂ ਵਿੰਟਰ ਕੈਂਪਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੰਪੀਟੀਟਿਵ ਇਮਤਿਹਾਨਾਂ ਜਿਹਨਾਂ ਵਿੱਚ ਮੁੱਖ ਤੌਰ ‘ਤੇ ਜੇ.ਈ.ਈ ਅਤੇ ਨੀਟ ਆਦਿ ਲਈ ਤਿਆਰ ਕਰਨਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਰਮਜੀਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਕੁੱਲ 03 ਸਕੂਲ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ 16 ਵਿਦਿਆਰਥੀਆਂ ਨੂੰ ਬਠਿੰਡਾ ਲਈ ਅਤੇ 20 ਵਿਦਿਆਰਥੀਆਂ ਨੂੰ ਲੁਧਿਆਣਾ ਲਈ ਜ਼ਿਲ੍ਹਾ ਨੋਡਲ ਅਫਸਰ ਪੁਰੇਵਾਲ ਦੀ ਯੋਗ ਅਗਵਾਈ ਹੇਠ ਰਵਾਨਾ ਕੀਤਾ ਗਿਆ।
ਪੁਰੇਵਾਲ ਨੇ ਦੱਸਿਆ ਕਿ ਇਹ ਦੋਨੋਂ ਕੈਂਪ 31 ਦਸੰਬਰ 2025 ਤੱਕ 15 ਦਿਨਾਂ ਲਈ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਟਰਾਂਸਪੋਰਟ ਆਦਿ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਨਾਮਵਰ ਸੰਸਥਾਵਾਂ ਦੇ ਫੈਕਲਟੀਜ਼ ਵੱਲੋਂ ਜੇਈਈ/ਨੀਟ ਦੀ ਕੋਚਿੰਗ ਦਿੱਤੀ ਜਾਵੇਗੀ ਅਤੇ ਇਹ ਵਿਦਿਆਰਥੀ ਆਉਣ ਵਾਲੇ ਦਿਨਾਂ ਵਿੱਚ ਟੈਸਟ ਪਾਸ ਕਰਕੇ ਉੱਚਕੋਟੀ ਸੰਸਥਾਵਾਂ ਵਿੱਚ ਦਾਖਲਾ ਲੈਣਗੇ।
ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਜੀਤ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਕੈਂਪ ਅਟੈਂਡ ਕਰਨ ਲਈ ਸੁਚੇਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸੰਜੀਵ ਢੀਂਗਰਾ, ਜਸਬੀਰ ਕੌਰ, ਹਰਭਿੰਦਰ ਕੌਰ, ਰਾਜੇਸ਼ ਕੁਮਾਰ, ਸਰਬਜੀਤ ਕੌਰ, ਹਰਵਿੰਦਰ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਕੈਂਪ ਵਿੱਚ ਜਾਣ ਵਾਲੇ ਵਿਦਿਆਰਥੀ ਹਾਜ਼ਰ ਸਨ।

