ਭਗਵੰਤ ਮਾਨ ਸਰਕਾਰ ਨੇ ਮੈਗਾ PTM ਦੇ ਨਾਮ ‘ਤੇ ਝੂਠੀ ਇਸ਼ਤਿਹਾਰਬਾਜੀ ਕਰਕੇ ਲੱਖਾਂ ਰੁਪਏ ਖਰਚੇ- ਜੀਟੀਯੂ ਦਾ ਵੱਡਾ ਦਾਅਵਾ
ਭਗਵੰਤ ਮਾਨ ਸਰਕਾਰ ਨੇ ਮੈਗਾ ਪੀਟੀਐਮ ਦੇ ਨਾਮ ਹੇਠਾਂ ਝੂਠੀ ਇਸ਼ਤਿਹਾਰਬਾਜੀ ਕਰਕੇ ਲੱਖਾਂ ਰੁਪਏ ਖਰਚੇ- ਜੀਟੀਯੂ ਦਾ ਵੱਡਾ ਦਾਅਵਾ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਤੌਰ ਤੇ ਕੰਮ ਲਿਆ ਗਿਆ- ਸੁਖਵਿੰਦਰ ਸਿੰਘ ਚਾਹਲ
ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸਰਕਾਰੀ ਸਕੂਲਾਂ ਤੋਂ ਮਾਪਿਆਂ ਨੇ ਮੋੜਿਆ ਮੂੰਹ -ਗੁਰਬਿੰਦਰ ਸਿੰਘ ਸਸਕਾਰ
ਪ੍ਰਚਾਰ ਲਈ ਵਰਤਿਆ ਲੱਖਾਂ ਰੁਪਏ ਪਰ ਬੱਚਿਆਂ ਲਈ ਫੰਡ ਨਹੀਂ -ਜਸਵਿੰਦਰ ਸਿੰਘ ਸਮਾਣਾ
Punjab News, 21 Dec 2025 (Media PBN)-
ਬੀਤੇ ਦਿਨੀ ਹੋਈ ਸਰਕਾਰੀ ਸਕੂਲਾਂ ਅੰਦਰ ਮੈਗਾ ਪੀਟੀਐਮ ਲਈ ਆਮ ਆਦਮੀ ਪਾਰਟੀ ਨਾਮ ਤੇ ਬਣੀ ਝੂਠੀ ਪੰਜਾਬ ਸਰਕਾਰ ਨੇ ਝੂਠੀ ਤੇ ਫੋਕੀ ਸ਼ੋਹਰਤ ਲਈ ਪੰਜਾਬ ਦੇ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਖਰਚ ਦਿੱਤੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਕਿ ਸਿੱਖਿਆ ਕ੍ਰਾਂਤੀ ਦਾ ਨਾਅਰਾ ਲੈ ਕੇ ਆਈ ਸੀ ਉਹ ਉਸ ਨਾਅਰੇ ਨੂੰ ਪੂਰਾ ਕਰਨ ਵਿੱਚ ਹੁਣ ਤੱਕ ਪੂਰਨ ਤੌਰ ਤੇ ਅਸਫਲ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ 20 ਦਸੰਬਰ ਨੂੰ ਜੋ ਸਰਕਾਰੀ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀ ਹੋਈ ਹੈ। ਉਸ ਮਿਲਣੀ ਦੇ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਲੱਖਾਂ ਰੁਪਏ ਝੂਠੀ ਤੇ ਫੋਕੀ ਇਸ਼ਤਿਆਰਬਾਜੀ ਲਈ ਖਰਚ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੁਣ ਤੱਕ ਹਜ਼ਾਰਾਂ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲਾਂ ਤੋਂ ਮੂੰਹ ਮੋੜ ਚੁੱਕੇ ਹਨ।
ਉਹਨਾਂ ਕਿਹਾ ਕਿ ਇਸ ਮੈਗਾ ਪੀਟੀਐਮ ਵਿੱਚ ਪੰਜਾਬ ਸਰਕਾਰ ਨੇ ਆਪਣੀਆਂ ਝੂਠੀਆਂ ਸਿਫਤਾਂ ਤੇ ਝੂਠੇ ਕੰਮਾਂ ਲਈ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਤੌਰ ਤੇ ਵਰਤਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਵੱਡਾ ਫਰਕ ਹੈ।
ਸਰਕਾਰੀ ਸਕੂਲਾਂ ਅੰਦਰ ਹੁਣ ਤੱਕ ਬੱਚਿਆਂ ਨੂੰ ਪੂਰੀ ਤਰ੍ਹਾਂ ਵਰਦੀਆਂ ਨਸੀਬ ਨਹੀਂ ਹੋਈਆਂ। ਜਿਹੜੀਆਂ ਗੱਲਾਂ ਫੋਕੀਆਂ ਇਸ਼ਤਿਆਰਬਾਜੀਆਂ ਦੌਰਾਨ ਪੰਜਾਬ ਸਰਕਾਰ ਕਰ ਰਹੀ ਹੈ ਹੈ ਉਹ ਇਹ ਸਰਕਾਰ ਪੂਰੇ ਚਾਰ ਸਾਲ ਹੋਣ ਤੇ ਵੀ ਪੂਰੀਆਂ ਨਹੀਂ ਕਰ ਸਕੀ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਪੰਜਾਬ ਦਾ ਨਹੀਂ ਬਲਕਿ ਇੱਕ ਹਲਕੇ ਤੱਕ ਹੀ ਸੀਮਤ ਰਹਿ ਚੁੱਕਿਆ ਹੈ।
ਆਗੂਆਂ ਨੇ ਕਿਹਾ ਕਿ ਜਿਥੇ ਮੈਗਾ ਪੀ.ਟੀ.ਐਮ ਵਿਚ ਪ੍ਰਚਾਰ ਲਈ ਲੱਖਾ ਰੁਪਏ ਦੇ ਇਸ਼ਤਿਹਾਰ ਸਕੂਲਾਂ ਰਾਹੀ ਵੰਡੇ ਗਏ ਪਰ ਉਹਨਾਂ ਸਕੂਲਾਂ ਵਿੱਚ ਪੜਦੇ ਪ੍ਰੀ-ਪ੍ਰਾਇਮਰੀ ਦੇ ਬੱਚਿਆ ਲਈ ਵਰਦੀਆਂ ਦੇ ਪੈਸੇ ਅੱਜ ਤੱਕ ਜਾਰੀ ਨਹੀ ਹੋਏ, ਖੇਡਾਂ ਲਈ ਸਕੂਲ, ਸੈਂਟਰ, ਬਲਾਕ ਤੇ ਜਿਲ੍ਹਾ ਪੱਧਰੀ ਖੇਡਾਂ ਲਈ ਅਧਿਆਪਕ ਤੋ ਫੰਡ ਇਕੱਠਾ ਕਰ ਖੇਡਾਂ ਹੋਈਆ,ਸਿਖਿਆ ਕ੍ਰਾਂਤੀ ਦੇ ਨਾਮ ਤੇ ਹੋਏ ਉਦਘਾਟਨੀ ਸਮਾਰੋਹ ਦੇ ਪੈਸੇ ਅੱਜ ਤੱਕ ਅਧਿਆਪਕਾਂ ਨੂੰ ਨਹੀ ਮਿਲੇ। ਉਹਨਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਵੀ ਪੰਜਾਬ ਸਰਕਾਰ ਨੇ ਸਿੱਖਿਆ ਪ੍ਰਤੀ ਆਪਣੇ ਮਾੜੇ ਰਵਈਏ ਤੇ ਨੀਤੀਆਂ ਨੂੰ ਨਾ ਬਦਲਿਆ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਲੋਕ ਇਹਨਾਂ ਨੂੰ ਬਦਲ ਦੇਣਗੇ।

