Breaking: ਮੈਰੀਟੋਰੀਅਸ ਟੀਚਰਾਂ ਨੂੰ ਭਾਰੀ ਪੁਲਿਸ ਨੇ ਰਸਤੇ ‘ਚ ਰੋਕਿਆ! ਵਿੱਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸੀ ਅਧਿਆਪਕ!

All Latest NewsNews FlashPunjab NewsTop BreakingTOP STORIES

 

 

ਮੈਰੀਟੋਰੀਅਸ ਅਧਿਆਪਕਾਂ ਨੇ ਚੌਕ ਨੇੜੇ ਸੜਕ ‘ਤੇ ਬੈਠ ਕੇ ਧਰਨਾ ਦਿੱਤਾ

ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਤੁਰੰਤ ਮੀਟਿੰਗ ਕਰਵਾਉਣ ਦਾ ਭਰੋਸਾ: ਅਧਿਆਪਕ ਹੋਏ ਸ਼ਾਂਤ

ਸਿੱਖਿਆ ਮੰਤਰੀ ਨਾਲ 15 ਜਨਵਰੀ ਦੀ ਲਿਖਤੀ ਮੀਟਿੰਗ ਦਾ ਭਰੋਸਾ ਦਿੱਤਾ

ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਦਾ ਸ਼ਾਮ ਤੱਕ ਵੱਖਰਾ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ

ਸੰਗਰੂਰ, 21 ਦਸੰਬਰ 2025 – 

ਆਪਣੀਆਂ ਹੱਕੀ ਮੰਗਾਂ ਲਈ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿਖੇ ਪ੍ਰਦਰਸ਼ਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਘਿਰਾਓ ਸਮੇਂ ਮੈਰੀਟੋਰੀਅਸ ਟੀਚਰਜ਼ ਵਿੱਚ ਬਹੁਤ ਜ਼ਿਆਦਾ ਰੋਹ ਦੇਖਣ ਨੂੰ ਮਿਲਿਆ। ਬਰਨਾਲਾ ਕੈਂਚੀਆਂ ਨੇੜੇ ਰੋਸ ਮਾਰਚ ਕੱਢਣ ਸਮੇਂ ਪ੍ਰਸ਼ਾਸਨ ਨੇ ਭਾਰੀ ਫੋਰਸ ਲਗਾ ਕੇ ਮੈਰੀਟੋਰੀਅਸ ਅਧਿਆਪਕਾਂ ਨੂੰ ਰੋਕ ਲਿਆ। ਅਧਿਆਪਕਾਂ ਨੇ ਚੌਕ ਨੇੜੇ ਸੜਕ ‘ਤੇ ਬੈਠ ਰੋਸ ਵਜੋਂ ਆਪਣਾ ਧਰਨਾ ਦਿੱਤਾ। ਚੇਤੇ ਰਹੇ ਕਿ ਮੈਰੀਟੋਰੀਅਸ ਸਕੂਲਾਂ ਦੇ ਟੀਚਰਜ਼ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਅਤੇ ਪਿਛਲੇ ਲੰਮੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧਿਆਂ ਲਈ ਨਿਰੰਤਰ ਸੰਘਰਸ਼ ਦੇ ਰਾਹ ਪਏ ਹੋਏ ਹਨ।

ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਪੈੱਨਲ ਮੀਟਿੰਗਾਂ ਵਿੱਚ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ, ਇਸ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਹੋਰ ਦੇਰੀ ਕੀਤੀ ਜਾ ਰਹੀ ਹੈ, ਜੋ ਕਿ ਠੀਕ ਨਹੀਂ ਹੈ, ਸਰਕਾਰ ਨੂੰ ਸਾਡੀਆਂ ਮੰਗਾਂ ਜਲਦ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਕਿਹਾ ਕਿ ਸਿੱਖਿਆ ਦੇ ਨਾਮ ‘ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਦਾਅਵੇ ਖੋਖਲੇ ਹੋ ਰਹੇ ਹਨ, ਸਿੱਖਿਆ ਮੰਤਰੀ ਹਰਜੋਤ ਬੈਂਸ 10 ਦਸੰਬਰ ਦੀ ਲਿਖਤੀ ਮੀਟਿੰਗ ਦੇ ਕੇ ਵੀ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨਾਲ ਮੀਟਿੰਗ ਨਹੀਂ ਕਰ ਸਕੇ।

ਸਰਕਾਰ ਮੈਰੀਟੋਰੀਅਸ ਟੀਚਰਜ਼ ਦੇ ਪਿਛਲੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧੇ ਜਲਦ ਜਾਰੀ ਕਰੇ, ਪਰ ਸਰਕਾਰ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਡੰਗ ਟਪਾਇਆ ਜਾ ਰਿਹਾ ਹੈ, ਅਧਿਆਪਕਾਂ ਦੇ ਚੰਗੇ ਨਤੀਜਿਆਂ ਦੀ ਕਦਰ ਨਹੀਂ ਪਾਈ ਜਾ ਰਹੀ। ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧਾ ਸਿਰਫ਼ 4500 ਰੁਪਏ ਹੋਇਆ ਹੈ, ਇਸ ਤੋਂ ਜ਼ਿਆਦਾ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ‘ਤੇ ਹੀ ਹੋਣਾ ਹੈ। ਇਸ ਸਮੇਂ ਡਾ. ਰਾਜਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਤੇ ਪਿਛਲੇ ਬਕਾਏ ਜਲਦ ਜਾਰੀ ਕਰੇ, ਹੋਰ ਆਨਾਕਾਨੀ ਕਰਨੀ ਹੁਣ ਠੀਕ ਨਹੀਂ।

ਮੈਰੀਟੋਰੀਅਸ ਅਧਿਆਪਕਾਂ ਨੇ ਬਰਨਾਲਾ ਕੈਂਚੀਆਂ ਵਿੱਚ ਖੜ੍ਹ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਯੂਨੀਅਨ ਵੱਲੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਕਿ ਵਿੱਤ ਮੰਤਰੀ ਦੇ ਨਾਲ ਪੈੱਨਲ ਮੀਟਿੰਗ ਤੈਅ ਕਰਵਾਈ ਜਾਵੇ ਤੇ ਸਿੱਖਿਆ ਮੰਤਰੀ ਵੱਲੋਂ 10 ਦਸੰਬਰ ਵਾਲੀ ਰੱਦ ਹੋਈ ਮੀਟਿੰਗ ਦਾ ਮੁੜ ਪੱਤਰ ਜਾਰੀ ਕੀਤਾ ਜਾਵੇ। ਤਿੱਖੇ ਰੋਸ ਨੂੰ ਦੇਖਦਿਆਂ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਸ੍ਰੀ ਸਿਮਰਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਨਾਲ ਤੁਰੰਤ ਮੀਟਿੰਗ ਕਰਵਾਈ, ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮੈਰੀਟੋਰੀਅਸ ਅਧਿਆਪਕਾਂ ਦਾ ਰੈਗੂਲਰ ਵਾਲਾ ਮਸਲਾ ਮੁੱਖ ਮੰਤਰੀ ਕੋਲ ਉਠਾਉਣਗੇ ਤੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਮੁੱਖ ਮੰਤਰੀ ਦਫ਼ਤਰ ਵਿੱਚ ਮੀਟਿੰਗ ਕਰਵਾਈ ਜਾਵੇਗੀ। ਉਸ ਤੋਂ ਬਾਅਦ ਅਧਿਆਪਕ ਸ਼ਾਂਤ ਹੋਏ।

ਮੈਰੀਟੋਰੀਅਸ ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਸਿੱਖਿਆ ਮੰਤਰੀ ਨਾਲ 15 ਜਨਵਰੀ ਨੂੰ ਲਿਖਤੀ ਮੀਟਿੰਗ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਦੇਰ ਸ਼ਾਮ ਤੱਕ ਕੈਬਨਿਟ ਸਬ-ਕਮੇਟੀ ਨਾਲ ਲਿਖਤੀ ਮੀਟਿੰਗ ਪੱਤਰ ਜਾਰੀ ਕਰਨ ਦਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਧਰਨਾ ਸਮਾਪਤ ਕੀਤਾ। ਇਸ ਸਮੇਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਮਨੋਜ ਕੁਮਾਰ, ਬੂਟਾ ਸਿੰਘ ਮਾਨ, ਰਾਜਬੀਰ ਕੌਰ, ਕੇਵਲ ਸਿੰਘ, ਮਨੋਜ ਕੁਮਾਰ, ਅਜੇ ਕੁਮਾਰ, ਅਮਰੀਸ਼ ਸ਼ਰਮਾ, ਮਨਜਿੰਦਰ ਕੌਰ, ਲਖਵੀਰ ਸਿੰਘ, ਨਵਦੀਪ ਸਿੰਘ, ਮਲਕੀਤ ਸਿੰਘ ਆਗੂ ਹਾਜ਼ਰ ਰਹੇ।

Media PBN Staff

Media PBN Staff