ਕੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼? ਪੜ੍ਹੋ ਬੀਬੀ ਜਗੀਰ ਕੌਰ ਦਾ ਬਿਆਨ!

All Latest NewsNews FlashPunjab NewsTop BreakingTOP STORIES

 

ਕੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼? ਪੜ੍ਹੋ ਬੀਬੀ ਜਗੀਰ ਕੌਰ ਦਾ ਬਿਆਨ!

Punjab News, 21 Dec 2025- 

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੀ ਪੇਸ਼ਕਸ਼ ਦੀ ਖ਼ਬਰ ਹੈ। ਹਾਲਾਂਕਿ ਇਹ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀ ਪੇਸ਼ਕਸ਼ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

“ਨਾ ਕਿਸੇ ਨੇ ਅਸਤੀਫ਼ਾ ਮੰਗਿਆ, ਨਾ ਉਨ੍ਹਾਂ ਦਿੱਤਾ”: ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ‘ਨਿਊਜ਼18’ ਨਾਲ ਖ਼ਾਸ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਜਾਂ ਪੰਥ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਮੁਤਾਬਕ ਨਾ ਤਾਂ ਕਿਸੇ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਅਸਤੀਫ਼ਾ ਮੰਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਕੋਈ ਗੱਲ ਕੀਤੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ਼ ਭਾਵੁਕ ਹੁੰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਥ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਦੀ ਜ਼ਿੰਮੇਵਾਰੀ ਸੌਂਪੇਗਾ। ਬੀਬੀ ਜਗੀਰ ਕੌਰ ਨੇ ਇੱਕ ਅਹਿਮ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਦੋ ਵਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਬੁਲਾਇਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਅਹੁਦੇ ਦੇ ਚਾਹਵਾਨ ਹਨ, ਤਾਂ ਉਨ੍ਹਾਂ ਦਾ ਜਵਾਬ ਸੀ— “ਬਿਲਕੁਲ ਨਹੀਂ।”

ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਅਤੇ ਪੰਥ ਉਨ੍ਹਾਂ ਨੂੰ ਜੋ ਵੀ ਸੇਵਾ ਲਾਵੇਗਾ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੂਜੇ ਸਿਆਸੀ ਲੀਡਰਾਂ ਵਾਂਗ ਅਹੁਦਿਆਂ ਨਾਲ ਚਿਪਕ ਕੇ ਰਹਿਣ ਵਾਲੇ ਇਨਸਾਨ ਨਹੀਂ ਹਨ। ਉਨ੍ਹਾਂ ਦਾ ਤਰਕ ਹੈ ਕਿ “ਮੇਰੀ ਪਛਾਣ ਸਿਰਫ਼ ਪ੍ਰਧਾਨਗੀ ਕਰਕੇ ਨਹੀਂ ਹੈ। ਜਦੋਂ ਤੱਕ ਪੰਥ ਚਾਹੇਗਾ ਮੈਂ ਸੇਵਾ ਕਰਾਂਗਾ, ਜਦੋਂ ਪੰਥ ਦਾ ਹੁਕਮ ਹੋਵੇਗਾ ਮੈਂ ਪਾਸੇ ਹੋ ਜਾਵਾਂਗਾ।” ਉਨ੍ਹਾਂ ਅਨੁਸਾਰ ਗਿਆਨੀ ਜੀ ਦੇ ਭਾਸ਼ਣ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਦਕਿ ਉਹ ਸਿਰਫ਼ ਪੰਥ ਪ੍ਰਤੀ ਆਪਣੀ ਨਿਰਸਵਾਰਥ ਭਾਵਨਾ ਪ੍ਰਗਟ ਕਰ ਰਹੇ ਸਨ।

 

Media PBN Staff

Media PBN Staff