ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ‘ਚ ਫ਼ਿਰੋਜ਼ਪੁਰ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ‘ਚ ਫ਼ਿਰੋਜ਼ਪੁਰ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ
ਇਹਨਾਂ ਬੱਚਿਆਂ 3 ਗੋਲਡ, 2 ਸਿਲਵਰ ਅਤੇ 3 ਬਰਾਉਨਜ਼ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ – ਡੀਈਓ ਸੁਨੀਤਾ ਰਾਣੀ
ਫ਼ਿਰੋਜ਼ਪੁਰ 21 ਦਸੰਬਰ (Media PBN)
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ ਹੋਈਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਦੌਰਾਨ ਜ਼ਿਲ੍ਹਾ ਪੱਧਰੀ ਸਪੈਸ਼ਲ ਰਿਸੋਰਸ ਸੈਂਟਰ ਫ਼ਿਰੋਜ਼ਪੁਰ ਦੇ ਹੋਣਹਾਰ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਕੋਮਲ ਅਰੋੜਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਚੌਬੇ ਮੋਹਨ ਦੱਸਿਆ ਕਿ ਬੱਚਿਆਂ ਦੀ ਅਥਾਹ ਮਿਹਨਤ ਅਤੇ ਲਗਨ ਦੇ ਸਦਕਾ ਫ਼ਿਰੋਜ਼ਪੁਰ ਦੇ ਅਥਲੀਟਾਂ ਨੇ ਮੁਕਾਬਲਿਆਂ ਵਿੱਚ ਕੁੱਲ 8 ਮੈਡਲ ਜਿਨ੍ਹਾਂ ਵਿੱਚ 3 ਗੋਲਡ ਮੈਡਲ, 2 ਸਿਲਵਰ ਮੈਡਲ ਅਤੇ 3 ਬਰਾਉਨਜ਼ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਸੂਬਾ ਪੱਧਰ ’ਤੇ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦੀ ਇਹ ਪ੍ਰਾਪਤੀ ਨਾ ਸਿਰਫ਼ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਮਾਣ ਦੀ ਗੱਲ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਸਹੀ ਮਾਰਗਦਰਸ਼ਨ, ਪ੍ਰੇਰਣਾ ਅਤੇ ਮੌਕਿਆਂ ਨਾਲ ਵਿਸ਼ੇਸ਼ ਸਮਰੱਥਾ ਵਾਲੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ।
ਇਹਨਾਂ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਇਜਰਾਇਲ ਨੇ ਗੋਲਡ ਮੈਡਲ, ਹਰਜੋਤ ਸਿੰਘ ਨੇ ਸਿਲਵਰ ਮੈਡਲ, ਬਲਵਿੰਦਰ ਸਿੰਘ ਨੇ ਸਿਲਵਰ ਮੈਡਲ,ਅਭੀਜੋਤ ਸਿੰਘ ਨੇ ਬਰਾਉਨਜ਼ ਮੈਡਲ, ਰਾਜਵੀਰ ਸਿੰਘ ਨੇ ਬਰਾਉਨਜ਼ ਮੈਡਲ, 200 ਮੀਟਰ ਦੌੜ ਵਿੱਚ ਸੰਜੂ ਸਿੰਘ ਨੇ ਗੋਲਡ ਮੈਡਲ, ਸੁਖਵਿੰਦਰ ਸਿੰਘ ਨੇ ਬਰਾਉਨਜ਼ ਮੈਡਲ ਰਾਜਵੀਰ ਸਿੰਘ ਨੇ ਬਰਾਉਨਜ਼ ਅਤੇ ਲੰਬੀ ਛਾਲ ਵਿੱਚ ਸੁਖਵਿੰਦਰ ਸਿੰਘ ਨੇ ਗੋਲਡ ਮੈਡਲ ਹਾਸਲ ਕੀਤੇ।
ਉਹਨਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਕੋਚ, ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ ਤੇ ਵਿਲੱਖਣ ਪ੍ਰਤਿਭਾ ਅਤੇ ਵਿਸ਼ੇਸ਼ ਯੋਗਤਾਵਾਂ ਰੱਖਦੇ ਹਨ। ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੀ ਦਿਵਿਆਗਜਨਾਂ ਲਈ ਸੰਮਲਿਤ ਸਿੱਖਿਆ (ਆਈ.ਡੀ ਕੰਪੋਨੈਂਟ) ਦਾ ਮੁੱਖ ਉਦੇਸ਼ ਹੈ। ਉਹਨਾਂ ਨੇ ਕਿਹਾ ਵਿਲੱਖਣ ਪ੍ਰਤਿਭਾ ਮਾਲਕ ਬੱਚੇ ਸਾਡੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਮਾਣ ਹਨ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸੁਵਿਧਾਵਾਂ ਵਿੱਚ ਸਿੱਖਿਆ, ਸਿਹਤ ਅਤੇ ਸਮਾਜਿਕ ਸਹਾਇਤਾ ਸ਼ਾਮਲ ਹੈ, ਜਿਸ ਵਿੱਚ ਵਿਸ਼ੇਸ਼ ਅਧਿਆਪਕ, ਸਿਖਲਾਈ, ਸਪੋਰਟਸ ਗਰਾਊਂਡ, ਧੱਕੇਸ਼ਾਹੀ ਵਿਰੋਧੀ ਪ੍ਰੋਗਰਾਮ ਅਤੇ ਘਰ-ਘਰ ਸਿੱਖਿਆ ਸ਼ਾਮਲ ਹਨ, ਜਿਸਦਾ ਉਦੇਸ਼ ਆਤਮ-ਨਿਰਭਰਤਾ, ਸਮਾਵੇਸ਼ੀ ਸਿੱਖਿਆ ਅਤੇ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਿਭਾਗ ਵੱਲੋਂ ਸਪੋਰਟਸ ਦੇ ਲਈ ਟਰੈਕ ਸੂਟ, ਬੂਟ, ਸਪੋਰਟਸ ਦਾ ਸਮਾਨ, ਅਸਿਸਟਿਵ ਡਿਵਾਈਸਿਸ, ਸਟਾਈਫੰਡ, ਸਰਜਰੀ ਦੀ ਸਹੂਲਤ, ਫਿਜ਼ੀਓਥਰੈਪੀ, ਮੈਡੀਕਲ ਚੈੱਕਅਪ ਆਦਿ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਇਹ ਵੀ ਬਾਕੀ ਬੱਚਿਆਂ ਵਾਂਗ ਸਮਾਨ ਰੂਪ ਵਿੱਚ ਵਿਚਰ ਸਕਣ।

