All Latest NewsNews FlashPunjab News

ਸਰਬ ਭਾਰਤ ਨੌਜਵਾਨ ਸਭਾ ਅਤੇ AISF ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ

 

ਸਤਲੁਜ ਦਰਿਆ ਨੂੰ ਵਾਟਰ ਬੈਂਕ ਬਣਾ ਕੇ ਬਾਰਸ਼ਾਂ ਦਾ ਪਾਣੀ ਸੰਭਾਲਿਆ ਜਾਵੇ: ਜਗਰੂਪ

ਸ਼ਹੀਦ ਊਧਮ ਸਿੰਘ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਲਈ ਰਾਹ ਦਸੇਰਾ: ਛਾਂਗਾਰਾਏ, ਢਾਬਾਂ

ਮਨਦੀਪ ਸੋਢੀ, ਗੁਰੂਹਰਸਹਾਏ

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਇੱਥੇ ਸਥਾਨਕ ਗੁਰੂ ਸ਼ਿਵ ਸ਼ਾਮ ਕਮਿਊਨਿਟੀ ਹਾਲ ਵਿੱਚ ‘ਪੰਜਾਬ ਦੇ ਪਾਣੀ ਸੰਕਟ ਦਾ ਵਿਗਿਆਨਕ ਹੱਲ ਸਤਲੁਜ ਵਾਟਰ ਬੈਂਕ’ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਰਾਜ ਬਹਾਦਰ ਕੇ ਅਤੇ ਰਮਨ ਧਰਮੂਵਾਲਾ ਨੇ ਕੀਤੀ। ਇਸ ਸੈਮੀਨਾਰ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਬਾਈ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਚਰਨਜੀਤ ਛਾਂਗਾਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਪਰ ਮੌਕੇ ਦੀ ਸਰਕਾਰ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪਾਣੀ ਬਚਾਉਣ ਦੇ ਨਾਮ ਤੇ ਸਿਰਫ ਰਾਜਨੀਤੀ ਹੀ ਕੀਤੀ ਜਾ ਰਹੀ ਹੈ, ਜਿਸ ਨਾਲ ਮੌਜੂਦਾ ਪਾਣੀ ਸੰਕਟ ਹੱਲ ਹੋਣ ਵਾਲਾ ਨਹੀਂ, ਇਸ ਲਈ ਅੱਜ ਪਾਣੀ ਤੇ ਰਾਜਨੀਤੀ ਨਹੀਂ ਸਗੋਂ ਪਾਣੀ ਦੀ ਸੰਭਾਲ ਦੀ ਠੋਸ ਨੀਤੀ ਬਣਾਉਣ ਦੀ ਸਖ਼ਤ ਜਰੂਰਤ ਹੈ। ਉਹਨਾਂ ਅੱਗੇ ਕਿਹਾ ਕੇ ਸਮੇਂ ਦੀਆਂ ਸਰਕਾਰਾਂ ਦੀ ਪਾਣੀ ਸੰਭਾਲ ਪ੍ਰਤੀ ਸੰਜੀਦਗੀ ਦੀ ਘਾਟ ਕਾਰਨ ਹੀ ਅੱਜ ਪੰਜਾਬ ਨੂੰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਅੱਜ ਵੀ ਪੰਜਾਬ ਵਿੱਚ ਪਾਣੀ ਦੀ ਘਾਟ ਨਹੀਂ ਹੈ ਸਗੋਂ ਹਰ ਸਾਲ ਬਾਰਸ਼ਾਂ ਦਾ ਅਰਬਾਂ ਘਣ ਮੀਟਰ ਪਾਣੀ ਸੁਚੱਜੀ ਸੰਭਾਲ ਦੀ ਘਾਟ ਕਾਰਨ ਹੜ੍ਹਾਂ ਦੇ ਰੂਪ ਵਿੱਚ ਸਾਡਾ ਭਾਰੀ ਨੁਕਸਾਨ ਕਰਦਾ ਹੈ ਅਤੇ ਬਾਕੀ ਵਿਅਰਥ ਚਲਿਆ ਜਾਂਦਾ ਹੈ ਅਤੇ ਜ਼ੇਕਰ ਸਤਲੁਜ ਦਰਿਆ ਤੇ ਵਾਟਰ ਬੈਂਕ ਬਣਾ ਕੇ ਬਾਰਸ਼ਾਂ ਦਾ ਅਰਬਾਂ ਗਣ ਮੀਟਰ ਪਾਣੀ ਸੰਭਾਲਿਆ ਜਾ ਸਕਦਾ ਹੈ ਜਿਸ ਨਾਲ ਧਰਤੀ ਨੂੰ ਮੁੜ ਰਿਚਾਰਜ ਕੀਤਾ ਜਾ ਸਕੇਗਾ ਅਤੇ ਇਸ ਤੋਂ ਇਲਾਵਾ ਇਸ ਸਟੋਰ ਕੀਤੇ ਵਾਟਰ ਬੈਂਕ ਤੋਂ ਬਹੁਮਤ ਵੀ ਕੰਮ ਲੈ ਕੇ ਮਨੁੱਖਤਾ ਦੀ ਭਲਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਅਤੇ ਇਨਕਲਾਬੀ ਕਾਰਕੁਨਾਂ ਲਈ ਰਾਹ ਦਸੇਰਾ ਹੈ।

ਸ਼ਹੀਦ ਊਧਮ ਸਿੰਘ ਸਿਰਫ ਗੋਲੀ ਚਲਾਉਣ ਵਾਲਾ ਮਨੁੱਖ ਨਹੀਂ ਸੀ, ਉਹ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਸੀ। ਉਸ ਨੇ ਗਦਰ ਲਹਿਰ ਨੂੰ ਪੜਿਆ ਅਤੇ ਗ੍ਰਹਿਣ ਕੀਤਾ। ਆਗੂਆਂ ਨੇ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇਸ਼ ਵਿੱਚੋਂ ਬਰਤਾਨਵੀ ਰਾਜ ਨੂੰ ਖਤਮ ਕਰਕੇ ਭਾਰਤੀ ਲੋਕਾਂ ਦਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਸਾਥੀ ਢਾਬਾਂ ਅਤੇ ਛਾਂਗਾਰਾਏ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਦੇਸ਼ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ “ਬਨੇਗਾ” ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਪਾਸ ਕਰਵਾਉਣ ਲਈ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਸਰਗਰਮੀ ਤੇਜ਼ ਕਰਨੀ ਚਾਹੀਦੀ ਹੈ।

ਇਸ ਮੌਕੇ ਹੋਰਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਰਮਨ ਧਰਮੂਵਾਲਾ,ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਹਰਭਜਨ ਛੱਪੜੀ ਵਾਲਾ, ਸੂਬਾ ਕੌਂਸਲ ਮੈਂਬਰ ਸ਼ੁਬੇਗ ਝੰਗੜਭੈਣੀ, ਸੰਦੀਪ ਜੋਧਾ, ਬਲਵੰਤ ਚੋਹਾਣਾ, ਗੁਰਦਿਆਲ ਸਿੰਘ, ਜਰਨੈਲ ਢਾਬਾਂ, ਬਲਵਿੰਦਰ ਮਹਾਲਮ, ਕ੍ਰਿਸ਼ਨ ਧਰਮੂਵਾਲਾ, ਪਿਆਰਾ ਮੇਘਾ, ਅਧਿਆਪਕ ਆਗੂ ਵਰਿਆਮ ਘੁੱਲਾ, ਜਸਵਿੰਦਰ ਬਹਾਦਰ ਕੇ,ਕਾਮਰੇਡ ਸੁਦਾਗਰ ਸਿੰਘ,ਰੇਖਾ ਰਾਣੀ ਬਹਾਦਰ ਕੇ, ਸੁਰਿੰਦਰ ਬਾਹਮਣੀ ਵਾਲਾ ਸੁਖਚੈਨ ਲਮੋਚੜ ਕਲਾਂ, ਮਨਪ੍ਰੀਤ ਬਾਹਮਣੀਵਾਲਾ, ਸੌਰਵ ਢਾਬਾਂ, ਰਾਜੂ ਟਾਹਲੀ ਵਾਲਾ, ਅਕਾਸ਼ ਬਾਹਮਣੀ ਵਾਲਾ, ਪਰਮਜੀਤ ਸਿੰਘ, ਕਰਨੈਲ ਬੱਗੇ ਕੇ ਆਦਿ ਆਗੂ ਹਾਜਰ ਸਨ।

 

Leave a Reply

Your email address will not be published. Required fields are marked *