Punjab News: NSQF ਵੋਕੇਸ਼ਨਲ ਆਊਟ ਸੋਰਸ ਅਧਿਆਪਕਾਂ ਦੀ ਹੋਈ ਮੀਟਿੰਗ
ਪੰਜਾਬ ਨੈੱਟਵਰਕ, ਪਟਿਆਲਾ
ਐਨ ਐਸ ਕਿਊ ਐਫ ਵੋਕੇਸ਼ਨਲ ਟਰੇਨਰ ਦੀ ਅੱਜ ਜ਼ਿਲ੍ਹਾ ਪਟਿਆਲਾ ਦੀ ਦੂਸਰੀ ਮੀਟਿੰਗ ਤਰਕਸ਼ੀਲ ਸੁਸਾਇਟੀ ਦੇ ਹਾਲ ਪਟਿਆਲਾ ਵਿਖੇ ਹੋਈ। ਇਸ ਵਿੱਚ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਚੱਲ ਰਹੀਆਂ ਟਰੇਡਾਂ ਦੇ ਵੋਕੇਸ਼ਨਲ ਟ੍ਰੇਨਰਾਂ ਨੇ ਆਪਣੀ ਹਾਜ਼ਰੀ ਦਿੱਤੀ।
ਜਿਸ ਵਿੱਚ ਮੌਜੂਦਾ ਸਮੇਂ ਪੂਰੇ ਪੰਜਾਬ ਵਿੱਚ 2600 ਤੋਂ ਵੱਧ ਆਊਟਸੋਰਸ ਅਧੀਨ ਪਿਛਲੇ ਲਗਭਗ 10 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਵੋਕੇਸ਼ਨਲ ਟ੍ਰੇਨਰਾਂ ਦੀ ਸਮੱਸਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਸੁਝਾਵਾਂ ਨੂੰ ਵਿਚਾਰਦੇ ਹੋਏ ਸਮੂਹ ਹਾਜ਼ਰ ਮੈਂਬਰਾਂ ਵੱਲੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ ਇੱਕ ਫਰੰਟ ਬਣਾਉਣ ਦਾ ਸੁਝਾਅ ਰੱਖਿਆ ਗਿਆ। ਜਿਸ ਤੇ ਵੋਕੇਸ਼ਨਲ ਟਰੇਨਰਾਂ ਵੱਲੋਂ ਐਨ ਐਸ ਕਿਊ ਐਫ ਟਰੇਨਰ ਫਰੰਟ ਬਣਾਉਣ ਲਈ ਸਹਿਮਤੀ ਪ੍ਰਗਟਾਈ ਗਈ।
ਸਾਰੇ ਹਾਜ਼ਰ ਮੈਂਬਰਾਂ ਵੱਲੋਂ ਫਰੰਟ ਬਣਾਉਣ ਅਤੇ ਸਾਥ ਦੇਣ ਦਾ ਵਾਅਦਾ ਕੀਤਾ ਗਿਆ। ਇਸ ਫਰੰਟ ਦੀ ਜਿੰਮੇਵਾਰੀ ਸੱਤ ਮੈਂਬਰਾਂ ਨੂੰ ਸੌਂਪੀ ਗਈ। ਜਿਸ ਵਿੱਚ ਹੇਮੰਤ ਡੰਗਵਾਲ , ਗੁਰਪ੍ਰਤਾਪ ਸਿੰਘ, ਹਰਪ੍ਰੀਤ ਸਿੰਘ , ਗੁਰਜੀਤ ਸਿੰਘ ,ਸ਼੍ਰੀਮਤੀ ਗੁਰਿੰਦਰ ਕੌਰ ,ਸ੍ਰੀਮਤੀ ਨਵਨੀਤ ਕੌਰ ,ਸ੍ਰੀਮਤੀ ਅੰਮ੍ਰਿਤਪਾਲ ਕੌਰ ਨੂੰ ਅਹੁਦੇਦਾਰ ਚੁਣਿਆ ਗਿਆ। ਸੱਤ ਮੈਂਬਰੀ ਕਮੇਟੀ ਵੱਲੋਂ ਪਿਛਲੇ 10 ਸਾਲਾਂ ਤੋਂ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।
ਇਸ ਵਿੱਚ ਘੱਟ ਤਨਖਾਹ ,ਬਦਲੀਆਂ ਦੀ ਅਣਹੋਂਦ, ਵਿਭਾਗ ਵਿੱਚ ਰਲੇਵਾ ਦੀ ਮੁੱਖ ਮੰਗਾਂ ਹਨ। ਇਸ ਸਬੰਧੀ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਡੀ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਵਿਚਾਰਦੇ ਹੋਏ ਪੂਰਾ ਕੀਤਾ ਜਾਵੇ । ਇਸ ਮੌਕੇ ਮਿਥੁਨ ਮਹਿਰਾ, ਅਸ਼ਵਨੀ ਗੋਇਲ, ਲਲਿਤ , ਸਤਨਾਮ ਕੌਰ ਆਦਿ ਮੈਂਬਰ ਹਾਜ਼ਰ ਸਨ।