ਸਰਕਾਰੀ ਅਧਿਆਪਕਾਵਾਂ ਨੇ BPEO ‘ਤੇ ਲਾਏ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼
ਪੀੜਤ ਅਧਿਆਪਕਾਂਵਾਂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਤਿਆਰੀਆਂ ਸ਼ੁਰੂ
20 ਜਨਵਰੀ ਦੇ ਧਰਨੇ ਲਈ ਮੀਟਿੰਗਾਂ ਦਾ ਦੌਰ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ 2026- ਵੱਖ ਵੱਖ ਜੱਥੇਬੰਦੀਆਂ ਵੱਲੋਂ ਦੋ ਅਧਿਆਪਕਾਂਵਾਂ ਨੂੰ ਕਥਿਤ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਬੀ.ਪੀ.ਈ.ਓ ਖਿਲਾਫ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਖਿਲਾਫ ਜਨਤਕ ਜਥੇਬੰਦੀਆਂ ਵੱਲੋਂ 20 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਮੂਹਰੇ ਵਿਸ਼ਾਲ ਧਰਨਾ ਲਗਾਉਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਡ ਪੱਧਰ ‘ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਨੂੰ ਮਿਲ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਖਿਲਾਫ ਕਾਰਵਾਈ ਕਰਨ ਦਾ ਮੁੱਦਾ ਉਠਾਇਆ ਹੈ। ਉੱਧਰ ਪੀੜਤ ਅਧਿਆਪਕਾਂ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਐਸ.ਸੀ ਕਮਿਸ਼ਨ ਪੰਜਾਬ ਨੂੰ ਨਿੱਜੀ ਤੌਰ ‘ਤੇ ਮਿਲ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।
ਮਹਿਲਾ ਕਮਿਸ਼ਨ ਪੰਜਾਬ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਲਈ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੂੰ ਆਦੇਸ਼ ਦਿੱਤੇ ਹਨ। ਐਸ ਸੀ ਕਮਿਸ਼ਨ ਪੰਜਾਬ ਵਲੋਂ ਐਸ ਐਸ ਪੀ ਬਟਾਲਾ ਨੂੰ ਮਹਿਲਾ ਅਧਿਆਪਕਾਂ ਦਾ ਪੁਤਲਾ ਫੂਕਣ ਵਾਲੇ ਅਧਿਆਪਕਾਂ ਅਤੇ ਸੋਸ਼ਲ ਮੀਡੀਆ ‘ਤੇ ਉਸ ਦੇ ਪਿਤਾ ਖਿਲਾਫ ਭੱਦੀ ਸ਼ਬਦਾਵਲੀ ਰਾਹੀਂ ਪ੍ਰੇਸ਼ਾਨ ਕਰਨ ਵਿਰੁੱਧ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਅਤੇ ਡੀ.ਟੀ.ਐੱਫ. ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕੋਠੇ ਨੇ ਕਿਹਾ ਕਿ ਬੀਤੇ 4 ਮਹੀਨਿਆਂ ਤੋਂ ਬੀ.ਪੀ.ਈ.ਓ ਖਿਲਾਫ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਵਿਰੁੱਧ ਪਹਿਲਾਂ ਜ਼ਿਲ੍ਹਾ ਸਿੱਖਿਆ ਵਿਭਾਗ ਗੁਰਦਾਸਪੁਰ ਅਤੇ ਹੁਣ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਦੇ ਗੇੜ੍ਹੇ ਮਾਰਨੇ ਪੈ ਰਹੇ ਹਨ।
ਜਦਕਿ ਪੀੜ੍ਹਿਤ ਅਧਿਆਪਕਾਂ ਵਿਰੁੱਧ ਬੀ.ਪੀ.ਈ.ਓ. ਕੂੜ੍ਹ ਪ੍ਰਚਾਰ ਕਰਕੇ ਉਹਨਾਂ ਦੇ ਮਾਨ ਸਨਮਾਨ ਨੂੰ ਹੋਰ ਜ਼ਿਆਦਾ ਠੇਸ ਪਹੁੰਚਾ ਕੇ ਉਹਨਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬੀਤੀ 11 ਨਵੰਬਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਅਤੇ 22 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਲਗਾ ਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ। ਜਿਸ ਵਿੱਚ ਏਡੀਸੀ ਗੁਰਦਾਸਪੁਰ ਵੱਲੋਂ ਮਾਮਲੇ ਸੰਬੰਧੀ 16 ਦਸੰਬਰ ਨੂੰ 5 ਦਿਨ ਅਤੇ ਬਾਅਦ ਵਿੱਚ 24 ਦਸੰਬਰ ਨੂੰ 2 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ।
ਪਰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜ੍ਹੀ ਜਾ ਰਹੀ ਹੈ ਅਤੇ ਇਸੇ ਹੀ ਢਿੱਲੀ ਕਾਰਗੁਜ਼ਾਰੀ ਕਾਰਨ ਬੀ.ਪੀ.ਈ.ਓ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਇਹ ਵਰਤਾਰਾ ਮਹਿਜ਼ ਸਿੱਖਿਆ ਵਿਭਾਗ ਦਾ ਹੀ ਨਹੀਂ ਹੈ, ਬਲਕਿ ਜਿੱਥੇ ਜਿੱਥੇ ਔਰਤਾਂ ਦੀ ਪ੍ਰਤੀਨਿਧਤਾ ਵਧੀ ਹੈ, ਉਹਨਾਂ ਵਿਭਾਗਾਂ ਵਿੱਚ ਬੈਠੇ ਔਰਤ ਵਿਰੋਧੀ ਮਾਨਸਿਕਤਾ ਨਾਲ ਸੰਬੰਧਤ ਵਿਅਕਤੀ ਇਸ ਤਰ੍ਹਾਂ ਦੇ ਵਰਤਾਰੇ ਨੂੰ ਅੰਜ਼ਾਮ ਦੇ ਰਹੇ ਹਨ। ਜਿਹਨਾਂ ਨੂੰ ਨੱਥ ਪਾਉਣ ਦੀ ਸਖਤ ਲੋੜ੍ਹ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰ ਪੰਡੋਰੀ, ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰਪਾਲ ਪਨਿਆੜ, ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ, ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਜਮਹੂਰੀ ਅਧਿਕਾਰ ਸਭਾ ਦੇ ਅਮਰਜੀਤ ਸ਼ਾਸ਼ਤਰੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਹਰਦੀਪ ਕੁਮਾਰ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਸ਼ਾਮਿਲ ਹੋਏ।

