ਅਹਿਮ ਖ਼ਬਰ: ਪੰਜਾਬ ਦੇ ਮੁਲਾਜ਼ਮ ਕੱਲ੍ਹ ਕਰਨਗੇ ‘ਪੁਰਾਣੇ ਪੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ’ ਲਈ ਸੂਬਾਈ ਕਨਵੈਨਸ਼ਨ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀਆਂ ਜ਼ਿਲ੍ਹਾ ਆਗੂ ਟੀਮਾਂ ਵੱਲੋਂ ਕੀਤੀ ਜਾਵੇਗੀ ਸ਼ਮੂਲੀਅਤ
ਅੰਮ੍ਰਿਤਸਰ, 8 ਜਨਵਰੀ 2026- ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਗਠਿਤ “ਪੁਰਾਣੇ- ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ” ਦੇ ਬੈਨਰ ਹੇਠ, 10 ਜਨਵਰੀ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਂਨਸ਼ਨ ਦੀਆਂ ਜੱਥੇਬੰਦਕ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਸ ਸਾਂਝੇ ਮੋਰਚੇ ਦਾ ਅਹਿਮ ਅੰਗ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪੀ.ਪੀ.ਪੀ.ਐੱਫ) ਵੱਲੋਂ ਸੂਬਾਈ ਕਨਵੈਨਸ਼ਨ ਵਿੱਚ ਸਰਗਰਮ ਕਾਰਕੁੰਨਾਂ ਅਤੇ ਜ਼ਿਲ੍ਹਾ ਆਗੂਆਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਅਤੇ ਜ਼ਿਲਾ ਆਗੂ ਸੁਖਜਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲੇ ਦੀ ਆਗੂ ਟੀਮ ਵੱਲੋਂ ਮੋਗਾ ਕਨਵੈਨਸ਼ਨ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੁਰਾਣੇ – ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵੱਲੋਂ ਮੋਗਾ ਕਨਵੈਨਸ਼ਨ ਵਿੱਚ ਮੁਲਾਜ਼ਮਾਂ ਨਾਲ ਸਬੰਧਿਤ ਪ੍ਰਮੁੱਖ ਵਿੱਤੀ ਮੰਗਾਂ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ, ਏ.ਸੀ.ਪੀ. ਤੇ ਪੈਂਡਿੰਗ 16% ਡੀਏ ‘ਤੇ ਚਰਚਾ ਕੀਤੀ ਜਾਵੇਗੀ ਅਤੇ ਇਸ ਉਪਰੰਤ ਮੋਗਾ ਸ਼ਹਿਰ ਵਿੱਚ ਸੰਕੇਤਕ ‘ਰੋਸ ਮਾਰਚ’ ਕੀਤਾ ਜਾਵੇਗਾ।
ਉਹਨਾਂ ਰੋਸ ਜ਼ਾਹਰ ਕੀਤਾ ਕਿ ਆਪ ਸਰਕਾਰ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਮੁਲਾਜ਼ਮਾਂ ਦੇ ਵਿੱਤੀ ਮਸਲਿਆਂ ਨੂੰ ਹੱਲ ਕਰਨ ਵਿੱਚ ਨਕਾਮ ਸਾਬਤ ਹੋਈ ਹੈ।
ਖ਼ਜ਼ਾਨੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਦਮਗਜ਼ੇ ਮਾਰਨ ਵਾਲੀ ਆਪ ਸਰਕਾਰ ਹੁਣ ਸੂਬੇ ਦੇ ਵਿੱਤੀ ਸੰਕਟ ਦਾ ਵੱਡਾ ਭਾਰ ਮੁਲਾਜ਼ਮਾਂ ਤੇ ਸੁੱਟ ਕੇ ਆਪਣੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ ਹੈ। ਜਿਸ ਦੇ ਖਿਲਾਫ ਵੱਡੀ ਸੰਘਰਸ਼ੀ ਚੁਣੌਤੀ ਦੇਣ ਲਈ ਮੋਗਾ ਕਨਵੈਨਸ਼ਨ ਅਹਿਮ ਪੜਾਅ ਸਾਬਤ ਹੋਵੇਗੀ। ਮੋਰਚੇ ਵੱਲੋਂ ਕਨਵੈਨਸ਼ਨ ਚੋਂ ਅਗਲੇ ਸੂਬਾ ਪੱਧਰੀ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ।
ਇਸ ਮੌਕੇ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਨਿਰਮਲ ਸਿੰਘ, ਰਾਜੇਸ਼ ਪਰਾਸ਼ਰ, ਕੁਲਦੀਪ ਵਰਨਾਲੀ , ਮਨਦੀਪ ਸਿੰਘ ਰਈਆ, ਰਾਜੇਸ਼ ਕੁੰਦਰਾ, ਵਿਸ਼ਾਲ ਲਖਸ਼ਮਨਸਰ,ਕੰਵਰਦੀਪ ਸਿੰਘ ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਬਿਕਰਮ ਦਿਆਲਪੁਰਾ, ਨਵਤੇਜ ਸਿੰਘ ਜੱਬੋਵਾਲ, ਹਰਪ੍ਰੀਤ ਸਿੰਘ, ਨਰੇਸ਼ ਕੁਮਾਰ, ਦਿਲਰਾਜ ਸਿੰਘ ਜਸਤਰਵਾਲ, ਮਨੀਸ਼ ਪੀਟਰ, ਹਾਜਰ ਰਹੇ।

