ਪੰਜਾਬ ‘ਚ ਸਰਕਾਰੀ ਅਧਿਆਪਕਾਵਾਂ ਨੇ BPEO ‘ਤੇ ਲਾਏ ਜਿਨਸੀ ਸੋਸ਼ਣ ਦੇ ਦੋਸ਼; DC ਦਫ਼ਤਰ ਅੱਗੇ ਮੋਰਚਾ ਲਾਉਣ ਦਾ ਐਲਾਨ
ਬੀ ਪੀ ਈ ਓ ਖਿਲਾਫ ਕਾਰਵਾਈ ਕਰਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਤਿਆਰੀਆਂ ਸ਼ੁਰੂ, 20 ਜਨਵਰੀ ਦੇ ਧਰਨੇ ਲਈ ਹੋਈ ਮੀਟਿੰਗ
ਰੋਹਿਤ ਗੁਪਤਾ, ਬਟਾਲਾ
ਦੋ ਸਰਕਾਰੀ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਵਾਲੇ ਗੁਰਦਾਸਪੁਰ ਜਿਲ੍ਹੇ ਦੇ ਇੱਕ ਬੀਪੀਈਓ ਖਿਲਾਫ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਖਿਲਾਫ ਜਨਤਕ ਜਥੇਬੰਦੀਆਂ ਵੱਲੋਂ 20 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਮੂਹਰੇ ਵਿਸ਼ਾਲ ਧਰਨਾ ਲਗਾਉਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਡ ਪੱਧਰ ‘ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਸਾਬਕਾ ਅਧਿਆਪਕ ਆਗੂ ਸੂਬਾ ਸਿੰਘ, ਦਵਿੰਦਰ ਸਿੰਘ ਗੋਲਡੀ ਸਰਪੰਚ ਧੀਰਾ ਅਤੇ ਮਨਦੀਪ ਸਿੰਘ ਸਰਪੰਚ ਹਰਪੁਰਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦਾ ਇਕੱਠ ਹੋਇਆ। ਜਿਸ ਵਿਚ ਅਧਿਆਪਕ, ਮਿਡ ਡੇ ਮੀਲ ਕੁੱਕ ਬੀਬੀਆਂ, ਪਿੰਡ ਦੇ ਮੋਹਤਬਰਾਂ ਨੇ ਭਾਗ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਅਮਰਜੀਤ ਸ਼ਾਸਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਨੇ ਕਿਹਾ ਕਿ ਬੀਤੇ 4 ਮਹੀਨਿਆਂ ਤੋਂ ਬੀ.ਪੀ.ਈ.ਓ. ਖਿਲਾਫ ਤੰਗ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਵਿਰੁੱਧ ਪਹਿਲਾਂ ਜ਼ਿਲ੍ਹਾ ਸਿੱਖਿਆ ਵਿਭਾਗ ਗੁਰਦਾਸਪੁਰ ਅਤੇ ਹੁਣ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਦੇ ਗੇੜੇ ਮਾਰਨੇ ਪੈ ਰਹੇ ਹਨ।
ਜਦਕਿ ਪੀੜ੍ਹਿਤ ਅਧਿਆਪਕਾਂ ਵਿਰੁੱਧ ਬੀ.ਪੀ.ਈ.ਓ. ਕੂੜ੍ਹ ਪ੍ਰਚਾਰ ਕਰਕੇ ਉਹਨਾਂ ਦੇ ਮਾਨ ਸਨਮਾਨ ਨੂੰ ਹੋਰ ਜ਼ਿਆਦਾ ਠੇਸ ਪਹੁੰਚਾ ਕੇ ਉਹਨਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬੀਤੀ 11 ਨਵੰਬਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਅਤੇ 22 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਲਗਾ ਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ। ਜਿਸ ਵਿੱਚ ਏਡੀਸੀ ਗੁਰਦਾਸਪੁਰ ਵੱਲੋਂ ਮਾਮਲੇ ਸੰਬੰਧੀ 16 ਦਸੰਬਰ ਨੂੰ 5 ਦਿਨ ਅਤੇ ਬਾਅਦ ਵਿੱਚ 24 ਦਸੰਬਰ ਨੂੰ 2 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ। ਪਰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜ੍ਹੀ ਜਾ ਰਹੀ ਹੈ ਅਤੇ ਇਸੇ ਹੀ ਢਿੱਲੀ ਕਾਰਗੁਜ਼ਾਰੀ ਕਾਰਨ ਬੀ.ਪੀ.ਈ.ਓ ਦੇ ਹੌਂਸਲੇ ਬੁਲੰਦ ਹੋ ਰਹੇ ਹਨ।
ਅਧਿਆਪਕ ਆਗੂ ਸੂਬਾ ਸਿੰਘ, ਹਰਦੇਵ ਸਿੰਘ ਬੱਲ, ਸੁਰਿੰਦਰ ਸਿੰਘ, ਮਿਡ ਡੇ ਮੀਲ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਕੁਹਾਲੀ ਨੇ ਕਿਹਾ ਕਿ ਇਹ ਵਰਤਾਰਾ ਮਹਿਜ਼ ਸਿੱਖਿਆ ਵਿਭਾਗ ਦਾ ਹੀ ਨਹੀਂ ਹੈ ਬਲਕਿ ਜਿੱਥੇ ਜਿੱਥੇ ਔਰਤਾਂ ਦੀ ਪ੍ਰਤੀਨਿਧਤਾ ਵਧੀ ਹੈ, ਉਹਨਾਂ ਵਿਭਾਗਾਂ ਵਿੱਚ ਬੈਠੇ ਔਰਤ ਵਿਰੋਧੀ ਮਾਨਸਿਕਤਾ ਨਾਲ ਸੰਬੰਧਤ ਵਿਅਕਤੀ ਇਸ ਤਰ੍ਹਾਂ ਦੇ ਵਰਤਾਰੇ ਨੂੰ ਅੰਜ਼ਾਮ ਦੇ ਰਹੇ ਹਨ। ਜਿਹਨਾਂ ਨੂੰ ਨੱਥ ਪਾਉਣ ਦੀ ਸਖਤ ਲੋੜ੍ਹ ਹੈ।
ਉਹਨਾਂ ਕਿਹਾ ਕਿ ਇਸ ਮਾਮਲੇ ਰਾਹੀਂ ਬੀ.ਪੀ.ਈ.ਓ. ਖਿਲਾਫ ਸਖਤ ਕਾਰਵਾਈ ਕਰਵਾ ਕੇ ਇਸ ਕਿਸਮ ਦੀ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 20 ਜਨਵਰੀ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਧਰਨੇ ਵਿੱਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕੀਤਾ ਜਾਵੇਗਾ। ਬੀ.ਪੀ.ਈ.ਓ. ‘ਤੇ ਕਾਰਵਾਈ ਕਰਵਾਉਣ ਲਈ ਪੰਚਾਇਤਾਂ ਦੇ ਮਤੇ ਪਵਾਏ ਜਾਣਗੇ। ਇਸ ਸਬੰਧੀ ਇੱਕ ਵਫਦ ਇਲਾਕੇ ਦੇ ਬੁੱਧੀਜੀਵੀਆਂ ਦਾ ਹਲਕਾ ਵਿਧਾਇਕ ਨੂੰ ਮਿਲੇਗਾ। ਸਕੂਲਾਂ ਵਿੱਚ ਇੱਕ ਪ੍ਰਚਾਰ ਮੁਹਿੰਮ ਤਹਿਤ ਮੀਟਿੰਗ ਕਰਵਾਕੇ ਅਧਿਆਪਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇਗਾ।
ਸੰਘਰਸ਼ ਨੂੰ ਹੋਰ ਮਘਾਉਣ ਲਈ ਸ੍ਰੀ ਹਰਗੋਬਿੰਦਪੁਰ ਵਿਖੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਬੀ ਪੀ ਈ ਓ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਐਨੇਕੋਟ, ਬਰਿੰਦਰ ਸਿੰਘ ਗੁਰਪ੍ਰੀਤ ਸਿੰਘ ਸਾਹ , ਬਰਜਿੰਦਰ ਸਿੰਘ ਸਾਹ, ਹਰਮਨਜੀਤ ਸਿੰਘ ਬੱਲ, ਜੋਗਾ ਸਿੰਘ, ਅਸ਼ੋਕ ਕੁਮਾਰ, ਕੇਵਲ ਸਿੰਘ, ਸਤਬੀਰ ਸਿੰਘ, ਬਰਿੰਦਰ ਸਿੰਘ ਸੁਰਿੰਦਰ ਸਿੰਘ, ਕਮਲਪ੍ਰੀਤ ਕੌਰ, ਪਲਵਿੰਦਰ ਕੌਰ, ਹਰਦੀਪ ਕੌਰ, ਜਸਪਾਲ ਕੌਰ, ਪਰਦੀਪ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

