ਸੁਖਬੀਰ ਬਾਦਲ ਦਾ ਭਗਵੰਤ ਮਾਨ ‘ਤੇ ਤਿੱਖਾ ਹਮਲਾ; ਕਿਹਾ– “ਗਰੰਟੀਆਂ ਦੇ ਨਾਂ ‘ਤੇ ਪੰਜਾਬ ਨੂੰ ਲੁੱਟ ਰਹੀ ਸਰਕਾਰ”
ਸੁਖਬੀਰ ਬਾਦਲ ਦਾ ਭਗਵੰਤ ਮਾਨ ‘ਤੇ ਤਿੱਖਾ ਹਮਲਾ; ਕਿਹਾ– “ਗਰੰਟੀਆਂ ਦੇ ਨਾਂ ‘ਤੇ ਪੰਜਾਬ ਨੂੰ ਲੁੱਟ ਰਹੀ ਸਰਕਾਰ”
Media PBN
ਮੁਕਤਸਰ ਸਾਹਿਬ, 14 ਜਨਵਰੀ 2026:
ਮਾਘੀ ਕਾਨਫ਼ਰੰਸ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਭਗਵੰਤ ਮਾਨ ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ‘ਤੇ ਪੰਜਾਬ ਨੂੰ ਤਬਾਹ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਬਦਲਾਅ ਦੇ ਨਾਂ ‘ਤੇ ਜਿਸ ਸਰਕਾਰ ਨੂੰ ਚੁਣਿਆ ਸੀ, ਉਹ ਅੱਜ ਪੰਜਾਬ ਦਾ ਖ਼ਜ਼ਾਨਾ ਦਿੱਲੀ ਦੇ ਇਸ਼ਾਰਿਆਂ ‘ਤੇ ਇਸ਼ਤਿਹਾਰਬਾਜ਼ੀ ਅਤੇ ਦੂਜੇ ਸੂਬਿਆਂ ਦੀਆਂ ਚੋਣਾਂ ‘ਤੇ ਬਰਬਾਦ ਕਰ ਰਹੀ ਹੈ।
ਸੁਖਬੀਰ ਬਾਦਲ ਨੇ ਕੇਜਰੀਵਾਲ ਦੀਆਂ ਗਰੰਟੀਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਨਾ ਤਾਂ ਔਰਤਾਂ ਨੂੰ ਹਜ਼ਾਰ ਰੁਪਿਆ ਮਿਲਿਆ, ਨਾ ਹੀ ਨੌਜਵਾਨਾਂ ਨੂੰ ਵਾਅਦੇ ਮੁਤਾਬਕ ਨੌਕਰੀਆਂ ਮਿਲੀਆਂ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਵੀ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।
ਬਾਦਲ ਨੇ ਕਿਹਾ ਕਿ “ਕੇਜਰੀਵਾਲ ਨੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੀ ਗਰੰਟੀ ਦਿੱਤੀ ਸੀ, ਪਰ ਅੱਜ ਹਕੀਕਤ ਕੁਝ ਹੋਰ ਹੈ। ਜੋ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਉਨ੍ਹਾਂ ਵਿੱਚ ਅੱਧੇ ਤੋਂ ਵੱਧ ਨੌਜਵਾਨ ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਹਨ। ਅਸੀਂ ਕਾਨੂੰਨ ਬਣਾਇਆ ਸੀ ਕਿ ਪੰਜਾਬ ਦੀ ਨੌਕਰੀ ਸਿਰਫ਼ ਪੰਜਾਬੀ ਨੂੰ ਮਿਲੇਗੀ, ਪਰ ‘ਆਪ’ ਸਰਕਾਰ ਨੇ ਉਹ ਕਾਨੂੰਨ ਬਦਲ ਕੇ ਪੰਜਾਬ ਦੀ ਜਵਾਨੀ ਨਾਲ ਧੋਖਾ ਕੀਤਾ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਸਿਰਫ਼ ਇਸ਼ਤਿਹਾਰਾਂ ‘ਤੇ ਖ਼ਰਚ ਕਰ ਦਿੱਤੇ ਹਨ। ਸੂਬੇ ਵਿੱਚ ਵਧ ਰਹੇ ਅਪਰਾਧ ‘ਤੇ ਚਿੰਤਾ ਪ੍ਰਗਟ ਕਰਦਿਆਂ ਸੁਖਬੀਰ ਨੇ ਕਿਹਾ ਕਿ ਅੱਜ ਕੋਈ ਵੀ ਵਪਾਰੀ ਜਾਂ ਆਮ ਬੰਦਾ ਸੁਰੱਖਿਅਤ ਨਹੀਂ ਹੈ। ਗੈਂਗਸਟਰ ਸ਼ਰੇਆਮ ਫਿਰੌਤੀਆਂ ਮੰਗ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਦਿੱਲੀ ਦੇ ਦਫ਼ਤਰਾਂ ਤੋਂ ਚੱਲ ਰਿਹਾ ਹੈ।
ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਜੋ ਬਿਜਲੀ, ਚਾਰ-ਮਾਰਗੀ ਸੜਕਾਂ, ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਤੀਰਥ ਯਾਤਰਾ ਵਰਗੀਆਂ ਸਹੂਲਤਾਂ ਹਨ, ਉਹ ਸਭ ਅਕਾਲੀ ਦਲ ਦੀ ਦੇਣ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਸਿੱਖ ਪੰਥ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਗੁਰੂ ਘਰਾਂ ਅਤੇ ਐਸ.ਜੀ.ਪੀ.ਸੀ. (SGPC) ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਹਰਿਆਣਾ ਕਮੇਟੀ ਦੇ ਵੱਖ ਹੋਣ ਅਤੇ ਤਖ਼ਤ ਸਾਹਿਬਾਨਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਕੌਮ ਲਈ ਖ਼ਤਰਾ ਦੱਸਿਆ।
ਅੰਤ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਲਈ ਆਪਣੀ “ਮਾਂ ਪਾਰਟੀ” (ਸ਼੍ਰੋਮਣੀ ਅਕਾਲੀ ਦਲ) ਨੂੰ ਮੁੜ ਮਜ਼ਬੂਤ ਕਰਨ, ਕਿਉਂਕਿ ਸਿਰਫ਼ ਖੇਤਰੀ ਪਾਰਟੀ ਹੀ ਪੰਜਾਬ ਦੇ ਦੁੱਖ-ਦਰਦ ਨੂੰ ਸਮਝ ਸਕਦੀ ਹੈ।
“ਟਿਊਬਵੈੱਲ ਕਨੈਕਸ਼ਨਾਂ ਦੀ ਲੁੱਟ ਬੰਦ ਕਰਾਂਗੇ, ਪਾਈਪਾਂ ਰਾਹੀਂ ਖੇਤਾਂ ਤੱਕ ਪਹੁੰਚਾਵਾਂਗੇ ਪਾਣੀ”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ‘ਤੇ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਦੇ ਦੋਸ਼ ਲਗਾਉਂਦਿਆਂ ਖੇਤੀਬਾੜੀ ਸੈਕਟਰ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਕਾਲੀ ਦਲ ਦੇ ਸਮੇਂ ਕਿਸਾਨਾਂ ਨੂੰ ਸਹੂਲਤਾਂ ਮਿਲਦੀਆਂ ਸਨ, ਉੱਥੇ ਹੀ ਅੱਜ ਟਿਊਬਵੈੱਲ ਕਨੈਕਸ਼ਨਾਂ ਲਈ ਕਿਸਾਨਾਂ ਤੋਂ 15 ਤੋਂ 20 ਲੱਖ ਰੁਪਏ ਮੰਗੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਟਿਊਬਵੈੱਲ ਕਨੈਕਸ਼ਨਾਂ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ ਅਤੇ ਰੁਕੇ ਹੋਏ ਕਨੈਕਸ਼ਨ ਤੁਰੰਤ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਪਾਈਪਾਂ ਦਾ ਆਧੁਨਿਕ ਸਿਸਟਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪਾਣੀ ਦੀ ਬਰਬਾਦੀ ਰੁਕੇ ਅਤੇ ਹਰ ਖੇਤ ਤੱਕ ਪੂਰਾ ਪਾਣੀ ਪਹੁੰਚ ਸਕੇ।
ਪਾਣੀਆਂ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਕੇ ਪਾਣੀ ਰਾਜਸਥਾਨ ਨੂੰ ਦਿੱਤਾ। ਅਕਾਲੀ ਦਲ ਇਸ ਨਹਿਰ ਨੂੰ ਬੰਦ ਕਰਵਾ ਕੇ ਪੰਜਾਬ ਦੇ ਪਾਣੀ ‘ਤੇ ਪੰਜਾਬ ਦੇ ਕਿਸਾਨਾਂ ਦਾ ਹੱਕ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਜਿਹੜੇ ਲਿਫਟ ਪੰਪ ਮੌਜੂਦਾ ਸਰਕਾਰ ਨੇ ਹਟਾ ਦਿੱਤੇ ਹਨ, ਉਨ੍ਹਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਤਾਂ ਜੋ ਸਿੰਚਾਈ ਪ੍ਰਣਾਲੀ ਮਜ਼ਬੂਤ ਹੋ ਸਕੇ।
ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ: “ਸਰਹੱਦੀ ਇਲਾਕਿਆਂ ਦੀਆਂ ਕੱਚੀਆਂ ਜ਼ਮੀਨਾਂ 10 ਦਿਨਾਂ ਚ ਕਰਾਂਗੇ ਪੱਕੀਆਂ, ਗੈਂਗਸਟਰਾਂ ਦੀ ਜਾਇਦਾਦ ਹੋਵੇਗੀ ਜ਼ਬਤ”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਜਿੱਥੇ ਗੈਂਗਸਟਰਵਾਦ ਅਤੇ ਨਸ਼ਿਆਂ ਵਿਰੁੱਧ ਜੰਗ ਦਾ ਐਲਾਨ ਕੀਤਾ, ਉੱਥੇ ਹੀ ਗਰੀਬਾਂ ਅਤੇ ਨੌਜਵਾਨਾਂ ਅਤੇ ਕਿਸਾਨਾਂ ਲਈ ਕਈ ਅਹਿਮ ਵਾਅਦੇ ਕੀਤੇ।
ਸੁਖਬੀਰ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਲਾਲ ਡੋਰੇ ਦੇ ਅੰਦਰ ਜਿਸ ਕੋਲ ਜਿੰਨੀ ਜ਼ਮੀਨ ਹੈ, ਉਸ ਦੀ ਰਜਿਸਟਰੀ ਮੁਫ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਦੀਆਂ ਕੱਚੀਆਂ ਜ਼ਮੀਨਾਂ ਨੂੰ 10 ਦਿਨਾਂ ਦੇ ਅੰਦਰ ਪੱਕਾ ਕਰਨ ਅਤੇ ਸਾਂਝੇ ਖਾਤਿਆਂ ਦੀ ਤਕਸੀਮ ਦਾ ਮਸਲਾ ਇੱਕ ਸਾਲ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ।
ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਨਕੇਲ
ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਵੇਗਾ। ਧਮਕੀਆਂ ਦੇਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਸਰਕਾਰ ਜ਼ਬਤ ਕਰੇਗੀ ਅਤੇ ਕਾਨੂੰਨ ਵਿੱਚ ਸੋਧ ਕਰਕੇ 5 ਸਾਲ ਤੱਕ ਜ਼ਮਾਨਤ ਨਾ ਹੋਣ ਦਾ ਪ੍ਰਬੰਧ ਕੀਤਾ ਜਾਵੇਗਾ।
ਸੁਖਬੀਰ ਬਾਦਲ ਨੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਅਤੇ ਉਨ੍ਹਾਂ ਵਿੱਚ 50% ਸੀਟਾਂ ਪੰਜਾਬ ਦੇ ਗਰੀਬ ਬੱਚਿਆਂ ਲਈ ਰਾਖਵੀਆਂ ਰੱਖਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ, 10 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ ਕਰਜ਼ਾ (ਪਹਿਲੇ 3 ਸਾਲ ਕੋਈ ਕਿਸ਼ਤ ਨਹੀਂ) ਦੇਣ ਦੀ ਗੱਲ ਕਹੀ ਤਾਂ ਜੋ ਨੌਜਵਾਨ ਆਪਣਾ ਕੰਮ ਸ਼ੁਰੂ ਕਰ ਸਕਣ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਬਦਲ ਕੇ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬ ਦੇ ਵਸਨੀਕਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਅਤੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਹੱਕ ਨਹੀਂ ਦਿੱਤਾ ਜਾਵੇਗਾ।

