ਡੀ.ਟੀ.ਐੱਫ. ਵੱਲੋਂ ਭਾਰੀ ਧੁੰਦ ਅਤੇ ਹੱਡ-ਚੀਰਵੀਂ ਸਰਦੀ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ

All Latest NewsNews FlashPunjab NewsTOP STORIES

ਡੀ.ਟੀ.ਐੱਫ. ਵੱਲੋਂ ਭਾਰੀ ਧੁੰਦ ਅਤੇ ਹੱਡ-ਚੀਰਵੀਂ ਸਰਦੀ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ

ਮੌਸਮ ਤਬਦੀਲੀਆਂ ਦੇ ਮੱਦੇਨਜ਼ਰ ਕੈਲੰਡਰ ਵਿੱਚ ਛੁੱਟੀਆਂ ਵਿੱਚ ਤਬਦੀਲੀ ਹੋਵੇ : ਡੀ ਟੀ ਐੱਫ

ਚੰਡੀਗੜ੍ਹ, ਪੰਜਾਬ ਨੈੱਟਵਰਕ

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਇਨ੍ਹਾਂ ਦਿਨਾਂ ਵਿੱਚ ਪੈ ਰਹੀ ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਵਿੱਚ ਭਾਰੀ ਧੁੰਦ ਪੈਣ ਕਾਰਣ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਸਰਦੀ ਪੈ ਰਹੀ ਹੈ। ਏਨੀ ਜ਼ਿਆਦਾ ਧੁੰਦ ਕਾਰਣ ਵਾਹਨਾਂ ਦੇ ਐਕਸੀਡੈਂਟ ਦੇ ਕੇਸ ਵੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਦੂਰ ਦੁਰੇਡੇ ਜ਼ਿਲ੍ਹਿਆਂ ਵਿੱਚ ਸਕੂਲਾਂ ਵਿੱਚ ਡਿਊਟੀ ਦੇਣ ਲਈ ਵੱਖ ਵੱਖ ਵਾਹਨਾਂ ਰਾਹੀਂ ਜਾਂਦੇ ਹਨ। ਕਈ ਸਕੂਲਾਂ ਵਿੱਚ ਵਿਦਿਆਰਥੀ ਵੀ ਨਿੱਜੀ ਵਾਹਨਾਂ ਜਾਂ ਸਕੂਲ ਬੱਸ/ ਵੈਨ ਰਾਹੀਂ ਪਹੁੰਚਦੇ ਹਨ।
ਧੁੰਦ ਕਾਰਣ ਸਕੂਲ ਪੁੱਜਣ ਵਿੱਚ ਹੋਣ ਵਾਲੀ ਦੇਰੀ ਦੇ ਡਰੋਂ ਵਾਹਨ ਚਾਲਕ ਦੀ ਮਾਨਸਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਪਿਛਲੇ ਸਾਲਾਂ ਵਿੱਚ ਧੁੰਦ ਦੇ ਮੌਸਮ ਵਿੱਚ ਹੋਈਆਂ ਦੁਰਘਟਨਾਵਾਂ ਵਿੱਚ ਗਈਆਂ ਜਾਨਾਂ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਪਾਸੋਂ ਸਕੂਲ ਲੱਗਣ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਨ ਦੀ ਮੰਗ ਕੀਤੀ ਤਾਂ ਜੋ ਕੀਮਤੀ ਜਾਨਾਂ ਦਾ ਜੋਖ਼ਮ ਘਟ ਸਕੇ। ਆਗੂਆਂ ਨੇ ਮੰਗ ਕੀਤੀ ਕਿ ਮੌਸਮ ਤਬਦੀਲੀਆਂ ਦੇ ਮੱਦੇਨਜ਼ਰ ਕੈਲੰਡਰ ਵਿੱਚ ਛੁੱਟੀਆਂ ਤਬਦੀਲ ਕਰਨ ਦੀ ਲੋੜ ਹੈ, ਸਰਦੀਆਂ ਦੀਆਂ ਛੁੱਟੀਆਂ ਇੱਕ ਜਨਵਰੀ ਤੋਂ ਸ਼ੁਰੂ ਹੋਣ।

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਅੱਤ ਦੀ ਠੰਢ ਅਤੇ ਧੁੰਦ ਦੇ ਇਸ ਮੌਸਮ ਵਿੱਚ ਬੱਚਿਆਂ ਦਾ ਸਵੇਰੇ ਤਿਆਰ ਹੋ ਕੇ ਸਕੂਲ ਪੁੱਜਣਾ ਬਹੁਤ ਹੀ ਮੁਸ਼ਕਿਲ ਹੈ ਅਤੇ ਇਸੇ ਕਾਰਣ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਹੈ।
ਪਿਛਲੇ ਸਾਲਾਂ ਵਿੱਚ ਧੁੰਦ ਦੇ ਚਲਦਿਆਂ ਹੋਣ ਵਾਲੇ ਹਾਦਸਿਆਂ ਕਾਰਣ ਕਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਸਰਕਾਰੀ ਸਕੂਲਾਂ ਵਿੱਚ ਠੰਢ ਤੋਂ ਬਚਣ ਦੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਇਸ ਅੱਤ ਦੀ ਸਰਦੀ, ਧੁੰਦ ਅਤੇ ਸੀਤ ਲਹਿਰ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਐੱਲ.ਕੇ.ਜੀ. ਤੋਂ ਬਾਹਰਵੀਂ ਤੱਕ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦਾ ਸਮਾਂ 31 ਜਨਵਰੀ 2026 ਤੱਕ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ।