ਵੱਡਾ ਖ਼ੁਲਾਸਾ: ਸਿੱਖਿਆ ਵਿਭਾਗ ਵੱਲੋਂ ਆਰਜੀ ਪ੍ਰਬੰਧਾਂ ਦੇ ਨਾਮ ਹੇਠ ਸਕੂਲੀ ਸਿੱਖਿਆ ਦਾ ਉਜਾੜਾ ਸ਼ੁਰੂ: ਸੁਰਿੰਦਰ ਕੰਬੋਜ
ਵੱਡਾ ਖ਼ੁਲਾਸਾ: ਸਿੱਖਿਆ ਵਿਭਾਗ ਵੱਲੋਂ ਆਰਜੀ ਪ੍ਰਬੰਧਾਂ ਦੇ ਨਾਮ ਹੇਠ ਸਕੂਲੀ ਸਿੱਖਿਆ ਦਾ ਉਜਾੜਾ ਸ਼ੁਰੂ: ਸੁਰਿੰਦਰ ਕੰਬੋਜ
ਜਲਾਲਾਬਾਦ, 15 ਜਨਵਰੀ 2026- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਜਥੇਬੰਦੀ ਦੀ ਵਰਚੁਅਲ ਮੀਟਿੰਗ ਉਪਰੰਤ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਨਵੀਆਂ ਨਿਯੁਕਤੀਆਂ ਨਾਲ ਭਰਨ ਦੀ ਬਜਾਏ ਆਰਜ਼ੀ ਪ੍ਰਬੰਧਾਂ ਦੇ ਨਾਂ ਹੇਠ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਸ਼ਿਫਟਿੰਗ ਕਰਨ ਦੀ ਤਿਆਰੀ ਕਰ ਰਹੀ ਹੈ।
ਦਸੰਬਰ ਵਿਚ ਸਰਕਾਰ ਵੱਲੋਂ ਸਾਰੇ ਡੈਪੁਟੇਸ਼ਨ ਰੱਦ ਕੀਤੇ ਗਏ ਸਨ ਅਤੇ ਹੁਣ ਆਰਜ਼ੀ ਪ੍ਰਬੰਧਾਂ ਰਾਹੀਂ ਵੱਡੇ ਪੱਧਰ ‘ਤੇ ਦੁਬਾਰਾ ਅਧਿਆਪਕਾਂ ਨੂੰ ਦੂਸਰੇ ਸਕੂਲਾਂ ਵਿੱਚ ਡੈਪੂਟੇਸ਼ਨ ‘ਤੇ ਭੇਜ ਰਹੇ ਹਨ। ਆਗੂਆਂ ਨੇ ਦੱਸਿਆ ਕਿ ਖ਼ਾਸ ਕਰ ਪ੍ਰਾਇਮਰੀ ਸਕੂਲਾਂ ਵਿਚ ਨਵੀਂ ਪੋਸਟਾਂ ਭਰਨ ਦੀ ਬਜਾਏ ਆਰਜ਼ੀ ਪ੍ਰਬੰਧਾਂ ਰਾਹੀਂ ਸਕੂਲਾਂ ਵਿੱਚ ਅਧਿਆਪਕ ਭੇਜ ਕੇ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲਾਂ ਵਿਚ ਇਸ ਆਰਜ਼ੀ ਪ੍ਰਬੰਧਾਂ ਦੇ ਨਾਂ ਹੇਠ 1 ਤੋਂ 400 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਵਿਚ 40 ਦੀ ਰੇਸ਼ੋ ਨਾਲ 10 ਅਧਿਆਪਕ ਤਾਇਨਾਤ ਕਰਨ ਦੇ ਹੁਕਮ ਸਿੱਖਿਆ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਹਨ, ਜਦ ਕਿ 1 ਤੋਂ 350 ਤੱਕ ਵਿਦਿਆਰਥੀਆਂ ਵਾਲੇ ਸਕੂਲਾਂ ਵਿਚ 30 ਦੀ ਰੇਸ਼ੋ ਨਾਲ 11 ਅਧਿਆਪਕਾਂ ਨੂੰ ਤਾਇਨਾਤ ਕਰਨ ਦੇ ਹੁਕਮ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਇਹ ਹੁਕਮ ਬਿਲਕੁਲ ਗੈਰ-ਵਾਜਬ ਅਤੇ ਤਰਕਹੀਨ ਹਨ।
ਵੱਧ ਬੱਚੇ ਦਾਖ਼ਲ ਕਰਨ ਵਾਲੇ ਸਕੂਲਾਂ ਦੀਆਂ ਪੋਸਟਾਂ ਆਰਜ਼ੀ ਪ੍ਰਬੰਧਾਂ ਦੇ ਨਾਂ ਹੇਠ ਘਟਾ ਕੇ ਵੱਧ ਦਾਖਲੇ ਕਰਨ ਦਾ ਅਧਿਆਪਕਾਂ ਨੂੰ ਇਹ ਕਿਸ ਕਿਸਮ ਦਾ ਇਨਾਮ ਦਿੱਤਾ ਜਾ ਰਿਹਾ ਹੈ? ਵਿੱਤ ਸਕੱਤਰ ਸੋਮ ਸਿੰਘ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਐਸ ਆਈ ਆਰ ਦੇ ਅਧੀਨ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਫਾਰਗ ਕੀਤਾ ਗਿਆ ਹੈ। ਲੱਗਭਗ ਡੇਢ ਮਹੀਨੇ ਵਿਚ ਅਧਿਆਪਕਾਂ ਨੇ ਇਹ ਕਾਰਜ ਕਰਨਾ ਹੈ, 22 ਜਨਵਰੀ ਤੋਂ ਪ੍ਰੀ-ਬੋਰਡ ਪੇਪਰ ਸ਼ੁਰੂ ਹੋ ਰਹੇ ਹਨ, ਅਜਿਹੇ ਸਮੇਂ ਵਿਚ ਸਕੂਲਾਂ ਵਿੱਚ ਆਰਜ਼ੀ ਪ੍ਰਬੰਧ ਸਕੂਲਾਂ ਵਿਚ ਪੜ੍ਹਾਈ ਦੇ ਪੱਧਰ ਨੂੰ ਹੇਠਾਂ ਲੈ ਕੇ ਜਾਣਗੇ।
ਜਥੇਬੰਦੀ ਮੰਗ ਕਰਦੀ ਹੈ ਕਿ ਸਕੂਲਾਂ ਵਿਚ ਪੋਸਟਾਂ ਤਰਕਸੰਗਤ ਢੰਗ ਨਾਲ ਦਿੱਤੀਆਂ ਜਾਣ ਅਤੇ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਰੈਗੂਲਰ ਨਿਯੁਕਤੀਆਂ ਨਾਲ ਭਰਿਆ ਜਾਵੇ। ਸਿੱਖਿਆ ਵਿਭਾਗ ਵੱਲੋਂ ਭੇਜੇ ਪੱਤਰ ਅਨੁਸਾਰ 1-350 ਵਿਦਿਆਰਥੀਆਂ ਵਾਲੇ ਸਕੂਲ ਨੂੰ 11 ਪੋਸਟਾਂ ਦਿੱਤੀਆਂ ਜਾਣ ਅਤੇ ਉਸ ਤੋਂ ਬਾਅਦ ਹਰੇਕ 40 ਬੱਚਿਆਂ ਪਿੱਛੇ ਇੱਕ-ਇੱਕ ਪੋਸਟ ਹੋਰ ਦਿੱਤੀ ਜਾਵੇ।
ਇਸ ਮੌਕੇ ਗੁਰਜੀਤ ਸਿੰਘ ਮੋਹਾਲੀ, ਪਰਗਟ ਸਿੰਘ ਜੰਬਰ, ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਸੋਨੀ, ਜਗਤਾਰ ਸਿੰਘ ਖਮਾਣੋ, ਲਾਲ ਚੰਦ, ਰੇਸ਼ਮ ਸਿੰਘ ਅਬੋਹਰ, ਗੁਰਮੀਤ ਸਿੰਘ ਖ਼ਾਲਸਾ, ਗੁਰੇਕ ਸਿੰਘ, ਸੁੱਚਾ ਸਿੰਘ ਚਾਹਲ, ਰਸ਼ਮਿੰਦਰ ਪਾਲ ਸੋਨੂੰ, ਰਮਨ ਮਿੱਤਲ, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ ਬੰਟੀ, ਸੁਖਪਾਲ ਕੌਰ, ਧਰਮਿੰਦਰ ਠਾਕਰੇ, ਕਮਲ ਕੁਮਾਰ, ਬਲਜਿੰਦਰ ਕੁਮਾਰ, ਕਪਿਲ ਕਪੂਰ, ਪਰੇਮ ਚੰਦ, ਅਸ਼ੋਕ ਕੁਮਾਰ, ਗੁਰਨਾਮ ਸਿੰਘ, ਹਰੀਸ਼ ਕੁਮਾਰ ਸ਼ਾਮਿਲ ਸਨ।

