ਪੰਜਾਬ ਸਰਕਾਰ ਦੀਆਂ ਸਿਹਤ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ‘ਤੇ ਇੰਨ-ਬਿੰਨ ਲਾਗੂ ਕੀਤਾ ਜਾਵੇ- ਸਿਵਲ ਸਰਜਨ ਦਾ ਡਾਕਟਰਾਂ ਨੂੰ ਹੁਕਮ
ਸੂਬਾ ਸਰਕਾਰ ਦੀਆਂ ਸਿਹਤ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ‘ਤੇ ਇੰਨ-ਬਿੰਨ ਲਾਗੂ ਕੀਤਾ ਜਾਵੇ – ਸਿਵਲ ਸਰਜਨ
– ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਨਾਲ ਸਿਵਲ ਸਰਜਨ ਨੇ ਕੀਤੀ ਜ਼ੂਮ ਮੀਟਿੰਗ
ਫ਼ਿਰੋਜ਼ਪੁਰ, 15 ਜਨਵਰੀ 2026- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨੂੰ ਲੈ ਕੇ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਢੰਗ ਨਾਲ ਲਾਗੂ ਕਰਨ ਦੇ ਲਈ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਮੈਡੀਕਲ ਅਫਸਰਾਂ ਨਾਲ ਜ਼ੂਮ ਮੀਟਿੰਗ ਕੀਤੀ ਗਈ।
ਇਸ ਮੌਕੇ ਜਿੱਥੇ ਉਹਨਾਂ ਸੂਬਾ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਇੰਨ-ਬਿੰਨ ਲਾਗੂ ਕਰਨ ਲਈ ਕਿਹਾ, ਉੱਥੇ ਹੀ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ ਇਸ ਦੀ ਵੀ ਹਦਾਇਤ ਕੀਤੀ। ਦੱਸਣਯੋਗ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਅਧੀਨ ਜ਼ਿਲ੍ਹੇ ਵਿੱਚ 28 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਇਲਾਜ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਸੂਬਾ ਸਰਕਾਰ ਦੀ ਮਹੱਤਵਕਾਂਸ਼ੀ ਯੋਜਨਾ ਹੈ, ਜਿਸਦਾ ਮੁੱਖ ਮਕਸਦ ਆਮ ਲੋਕਾਂ ਨੂੰ ਮੁਫ਼ਤ ਅਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਇੱਕ ਹੋਰ ਸਿਹਤ ਸਹੂਲਤ ਦਾ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਅਲਟਰਾ ਸਾਊਂਡ ਸੈਂਟਰਜ਼ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਸਲਾਹ ‘ਤੇ ਇਹਨਾਂ ਕਲੀਨਿਕ ਰਾਹੀਂ ਗਰਭਵਤੀ ਔਰਤਾਂ ਦੇ ਮੁਫ਼ਤ ਅਲਟਰਾ ਸਾਊਂਡ ਕਰਵਾਏ ਜਾ ਰਹੇ ਹਨ, ਜਿਸ ਦਾ ਮਰੀਜ਼ਾਂ ਨੂੰ ਫਾਇਦਾ ਮਿਲ ਰਿਹਾ ਹੈ।
ਡਾ. ਪਰਾਸ਼ਰ ਨੇ ਕਿਹਾ ਕਿ ਹੁਣ ਆਮ ਆਦਮੀ ਕਲੀਨਿਕ ਵਿੱਚ ਜੱਚਾ-ਬੱਚਾ ਨੂੰ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਅਤੇ ਸਮੂਹ ਏ.ਐਨ.ਐਮ ਅਤੇ ਆਸ਼ਾ ਨੂੰ ਹਦਾਇਤ ਕੀਤੀ ਹੈ ਕਿ ਗਰਭਵਤੀ ਮਹਿਲਾਵਾਂ ਦੇ ਟੈਸਟ ਅਤੇ ਜਾਂਚ ਆਮ ਆਦਮੀ ਕਲੀਨਿਕ ਵਿੱਚ ਕਰਵਾਈ ਜਾਵੇ ਤਾਂ ਜੋ ਮੈਟਰਨਲ ਡੈੱਥ ਨੂੰ ਰੋਕਿਆ ਜਾ ਸਕੇ।
ਉਹਨਾਂ ਦੱਸਿਆ ਆਮ ਆਦਮੀ ਕਲੀਨਿਕਾਂ ਵਿੱਚ 40 ਦੇ ਕਰੀਬ ਮੈਡੀਕਲ ਲੈਬੋਰਟਰੀ ਟੈਸਟ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਐਂਟੀ ਰੇਬੀਜ਼ ਟੀਕੇ ਵੀ ਮਰੀਜ਼ਾਂ ਨੂੰ ਲੱਗ ਰਹੇ ਹਨ। ਇਸ ਮੌਕੇ ਡਾ. ਗੁਰਮੇਜ ਰਾਮ ਡੀ.ਐਮ.ਸੀ, ਹਰੀਸ਼ ਕਟਾਰੀਆ ਡੀ.ਪੀ.ਐਮ ਹਾਜ਼ਰ ਸਨ।

