ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ‘ਤੇ ਥੋਪਿਆ ਟੈੱਟ ਗ਼ੈਰ-ਵਾਜਿਬ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਚੁੱਕੇ ਸਵਾਲ
ਸਿੱਖਿਆ ਵਿਭਾਗ ਟੈੱਟ ਦੀ ਸ਼ਰਤ ਹਟਾ ਕੇ 2010 ਤੋਂ ਪਹਿਲਾਂ ਭਰਤੀ ਸਾਰੇ ਯੋਗ ਅਧਿਆਪਕਾਂ ਨੂੰ ਮਾਸਟਰ ਕੇਡਰ ਸਟੇਸ਼ਨ ਦੀ ਚੋਣ ਕਰਵਾਈ ਜਾਵੇ – ਜਸਵਿੰਦਰ ਸਿੰਘ ਸਮਾਣਾ
Media PBN
ਚੰਡੀਗੜ੍ਹ, 25 ਜਨਵਰੀ 2026- ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ‘ਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਪਦਉੱਨਤੀਆਂ ਲਈ ਟੈੱਟ ਦੀ ਸ਼ਰਤ ਗ਼ੈਰ-ਵਾਜਿਬ ਦੱਸਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਸਿੱਖਿਆ ਵਿਭਾਗ ਨੂੰ ਟੈੱਟ ਦੀ ਸ਼ਰਤ ਹਟਾ ਕੇ ਸਾਰੇ ਯੋਗ ਅਧਿਆਪਕਾਂ ਨੂੰ ਮਾਸਟਰ ਕੇਡਰ ਸਟੇਸ਼ਨ ਦੀ ਚੋਣ ਵਿੱਚ ਸ਼ਾਮਿਲ ਕਰਕੇ ਆਰਡਰ ਦਿੱਤੇ ਜਾਣ ਦੀ ਅਪੀਲ ਕੀਤੀ।
ਆਗੂਆਂ ਨੇ ਇਹ ਵੀ ਕਿਹਾ ਕਿ ਆਖ਼ਰੀ ਸਾਲ ‘ਚ ਵੈਸੇ ਵੀ ਸਰਕਾਰਾਂ ਨੇ ਮਸਲੇ ਹੱਲ ਕਰਨੇ ਹੁੰਦੇ ਹਨ, ਪਰੰਤੂ ਮੌਜੂਦਾ ਸਰਕਾਰ ਪਹਿਲੇ ਮਸਲੇ ਹੱਲ ਕਰਨ ਦੀ ਜਗ੍ਹਾ ਹੋਰ ਮਸਲੇ ਪੈਦਾ ਕਰ ਰਹੀ ਹੈ, ਜਦੋਂ ਕਿ ਚਾਹੀਦਾ ਇਹ ਹੈ ਕਿ ਪੰਜਾਬ ਸਰਕਾਰ ਸਟੇਟ ਵੱਲੋਂ ਜਲਦ ਸਾਰੇ ਯੋਗ ਅਧਿਆਪਕਾਂ ਦੀਆਂ ਪਰਮੋਸ਼ਨਾਂ ਕਰਕੇ ਆਪਣਾ ਪੱਖ ਮਾਣਯੋਗ ਸੁਪਰੀਮ ਕੋਰਟ ਅੱਗੇ ਰੱਖੇ।
ਆਗੂਆਂ ਇਹ ਵੀ ਸਵਾਲ ਉਠਾਇਆ ਕਿ ਕੀ ਸਰਕਾਰ ਵੱਲੋਂ ਮਾਣਯੋਗ ਅਦਾਲਤ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਕਈ ਹੋਰ ਫੈਸਲੇ ਵੀ ਜੋ ਲਾਗੂ ਕਰਨੇ ਬਣਦੇ ਹਨ, ਕੀ ਉਹ ਕਰ ਲਏ ਹਨ। ਜਾਣਬੁੱਝ ਕੇ ਇਮਤਿਹਾਨਾਂ ਦੇ ਦਿਨਾਂ ‘ਚ ਅਧਿਆਪਕਾਂ ਨੂੰ ਸੰਘਰਸ਼ਾਂ ‘ਚ ਉਲਝਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ 27 ਜਨਵਰੀ ਨੂੰ ਉੱਚ ਅਧਿਕਾਰੀਆਂ ਨੂੰ ਮਿਲੇਗਾ। ਜੇਕਰ ਫੇਰ ਵੀ ਇਨਸਾਫ਼ ਨਾ ਮਿਲਿਆ ਤਾਂ ਅਧਿਆਪਕ ਵਰਗ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।

