ਵੱਡੀ ਖ਼ਬਰ: ਪੰਜਾਬ ‘ਚ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
ਵੱਡੀ ਖ਼ਬਰ: ਪੰਜਾਬ ‘ਚ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
ਗੁਰਦਾਸਪੁਰ, 29 ਜਨਵਰੀ 2026 –
ਪੰਜਾਬ ਦੇ ਅੰਦਰ ਰੋਜ਼ ਹੀ ਗੋਲੀਬਾਰੀ ਦੀਆਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ।
ਪੰਜਾਬ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਬੀਤੇ ਕੱਲ ਉਸ ਵੇਲੇ ਹਫੜਾ ਦਫੜੀ ਮੱਚ ਗਈ, ਜਦੋਂ ਮੈਡੀਕਲ ਸਟੋਰ ਮਾਲਕ ਦਾ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਰਣਬੀਰ ਸਿੰਘ ਬੇਦੀ ਪੁੱਤਰ ਰਘਬੀਰ ਸਿੰਘ ਬੇਦੀ ਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਰਣਬੀਰ ਸਿੰਘ ਬੇਦੀ ਜੋ ਰੋਜਾਨਾ ਦੀ ਤਰ੍ਹਾਂ ਜਦ ਸਵੇਰੇ 8 ਵਜੇ ਦੇ ਕਰੀਬ ਆਪਣਾ ਮੈਡੀਕਲ ਸਟੋਰ ਖੋਲ ਰਹੇ ਸਨ ਤਾਂ, ਇਸੇ ਦੌਰਾਨ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ (ਰਣਬੀਰ ਸਿੰਘ) ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਲੱਗਣ ਦੇ ਕਾਰਨ ਰਣਬੀਰ ਸਿੰਘ ਬੇਦੀ ਗੰਭੀਰ ਰੂਪ ਜਖਮੀ ਹੋ ਗਿਆ, ਉਸਨੂੰ ਇਲਾਜ ਲਈ ਪਹਿਲਾਂ ਲੋਕਲ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਹੀ ਬੇਦੀ ਦੀ ਮੌਤ ਹੋ ਗਈ।
ਦੂਜੇ ਪਾਸੇ ਹੁਣ ਪੁਲਿਸ ਪਾਰਟੀ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ, ਅਣਪਛਾਤੇ ਹਮਲਾਵਰਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਰਣਬੀਰ ਸਿੰਘ ‘ਤੇ ਕੁਝ ਮਹੀਨੇ ਪਹਿਲਾਂ ਵੀ ਫਿਰੌਤੀ ਨੂੰ ਲੈ ਕੇ ਕੁੱਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ।

