All Latest NewsNationalNews FlashPunjab News

ਕਲਕੱਤਾ ਡਾਕਟਰ ਬਲਾਤਕਾਰ ਅਤੇ ਕਤਲ ਦੀ ਘਟਨਾ ਬੇਹੱਦ ਮੰਦਭਾਗੀ- ਡੀ.ਟੀ.ਐੱਫ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਬੀਤੀ 9 ਅਗਸਤ ਨੂੰ ਕਲਕੱਤਾ ਦੇ ਆਰ.ਜੀ. ਕਾਰ ਮੈਡੀਕਲ ਕਾਲਜ ਵਿਖੇ ਡਾਕਟਰ ਮੋਮਿਤਾ ਦੇਬਨਾਥ ਦੇ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਘਟਨਾ ਹੌਲਨਾਕ ਹੈ ਅਤੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ।

ਉਹਨਾਂ ਕਿਹਾ ਕਿ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਹਸਪਤਾਲ ਵਰਗੇ ਸਥਾਨ ‘ਤੇ ਵੀ ਔਰਤਾਂ ਸੁਰੱਖਿਅਤ ਨਹੀਂ। ਕੰਮ ਦੀ ਜਗ੍ਹਾ ਉੱਤੇ ਹੁੰਦੀਆਂ ਅਜਿਹੀਆਂ ਘਟਨਾਵਾਂ ਔਰਤਾਂ ਦੀ ਆਜ਼ਾਦੀ ਦੇ ਰਾਹ ਵਿੱਚ ਰੋੜਾ ਹੋਣ ਦੇ ਨਾਲ-ਨਾਲ ਸਾਡੇ ਦੇਸ਼ ਦੇ ਸੱਭਿਅਕ ਵਿਕਾਸ ਅਤੇ ਸਿੱਖਿਆ ਪ੍ਰਬੰਧ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ। ਇਸ ਘਟਨਾ ਨੇ ਕੰਮ ਦੀ ਜਗ੍ਹਾ ਉੱਤੇ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦਾ ‘ਬੇਟੀ ਬਚਾਓ – ਬੇਟੀ ਪੜ੍ਹਾਓ’ ਦਾ ਹੋਕਾ ਸਿਰਫ ਨਾਅਰਾ ਬਣਕੇ ਨਹੀਂ ਰਹਿਣਾ ਚਾਹੀਦਾ ਬਲਕਿ ਇਸ ਦੀ ਸਫਲਤਾ ਲਈ ਜ਼ਮੀਨੀ ਕੰਮ ਕਰਨ ਦੀ ਬਹੁਤ ਲੋੜ ਹੈ।

ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਸ਼ ਦੇ ਸਮੁੱਚੇ ਤਾਣੇ – ਬਾਣੇ ਦੀਆਂ ਕਮਜ਼ੋਰੀਆਂ ਉਜਾਗਰ ਕਰਦੀਆਂ ਹਨ । ਡਾਕਟਰ ਕਿਸੇ ਵੀ ਸਮਾਜ ਦਾ ਅਹਿਮ ਅੰਗ ਹੁੰਦੇ ਹਨ ਅਤੇ ਕਰੋਨਾ ਮਹਾਂਮਾਰੀ ਦੇ ਦੌਰਾਨ ਸਾਰੇ ਦੇਸ਼ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਡਾਕਟਰ ਸਮਾਜ ਦੇ ਰੱਖਿਅਕ ਹੁੰਦੇ ਹਨ। ਜੇਕਰ ਡਾਕਟਰ ਆਪ ਹੀ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਾਂ ਉਹ ਸਮਾਜ ਦੀ ਸੁਰੱਖਿਆ ਕਿਵੇਂ ਕਰ ਸਕਦੇ ਹਨ? ਆਗੂਆਂ ਨੇ ਕਿਹਾ ਕਿ ਕੰਮ ਦੀ ਜਗ੍ਹਾ ਉੱਤੇ ਔਰਤਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਜਿਸ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਵਧੇਰੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਸ਼ਾਮਿਲ ਹੈ। ਸਭ ਤੋਂ ਵੱਧ ਜ਼ੋਰ ਸਿੱਖਿਆ ਪ੍ਰਬੰਧ ਨੂੰ ਸਹੀ ਅਰਥਾਂ ਵਿੱਚ ਕਾਰਗਰ ਕਰਨ ‘ਤੇ ਲਾਉਣਾ ਚਾਹੀਦਾ ਹੈ ਜਿਸ ਨੇ ਦੇਸ਼ ਦੇ ਸਮੁੱਚੇ ਢਾਂਚੇ ਦੀਆਂ ਬਿਮਾਰੀਆਂ ਨੂੰ ਦੂਰ ਕਰਨਾ ਹੈ। ਫੌਰੀ ਤੌਰ ‘ਤੇ ਸਮਾਜ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਕਿ ਇਸਤਰੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕੇ। ਇਸਤਰੀਆਂ ਨੂੰ ਵੀ ਆਪਣੀ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

 

Leave a Reply

Your email address will not be published. Required fields are marked *