ਆਹ ਕਿਹੋ ਜਿਹਾ ਬਦਲਾਅ! ਸਕੂਲ ਅਧਿਆਪਕਾਂ ਤੋਂ ਤਰਸੇ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ DEO ਤੋਂ ਵਾਂਝੇ
ਰੋਹਿਤ ਗੁਪਤਾ, ਗੁਰਦਾਸਪੁਰ-
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰਜੇਸ਼ ਕੁਮਾਰ ਸ਼ਰਮਾ ਦੀ ਬਦਲੀ ਤਰਨ ਤਾਰਨ ਹੋਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਇੱਕ ਵਾਰ ਫਿਰ ਅਧਿਕਾਰੀ (DEO) ਤੋਂ ਵਾਂਝਾ ਹੋ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਤਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਭੰਬਲ ਭੂਸਾ ਬਣਿਆ ਰਿਹਾ ਸੀ।
ਦੋ ਮਹੀਨੇ ਦੇ ਸਮੇਂ ਵਿੱਚ ਸੂਬਾ ਸਰਕਾਰ ਵੱਲੋਂ ਚਾਰ ਐਲੀਮੈਂਟਰੀ ਸਿੱਖਿਆ ਅਧਿਕਾਰੀ ਜ਼ਿਲਾ ਗੁਰਦਾਸਪੁਰ ਵਿੱਚ ਬਦਲੇ ਗਏ ਪਰ ਉਸ ਵੇਲੇ ਜ਼ਿਲਾ ਸਿੱਖਿਆ ਦਫਤਰ ਐਲੀਮੈਂਟਰੀ ਵਿਖੇ ਕੋਈ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਉਣ ਨੂੰ ਤਿਆਰ ਨਹੀਂ ਸੀ।
ਇਸ ਕਰਕੇ ਕਾਫੀ ਸਮੇਂ ਤੱਕ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅਧਿਕਾਰੀ ਤੋਂ ਵਾਂਝਾ ਰਿਹਾ ਸੀ ਅਤੇ ਹੁਣ ਸੈਕੰਡਰੀ ਜ਼ਿਲ੍ਹਾ ਸਿੱਖਿਆ ਦਫਤਰ ਅਧਿਕਾਰੀ ਤੋਂ ਵਾਂਝਾ ਹੋ ਗਿਆ ਹੈ।
ਹਾਲਾਂਕਿ ਫਿਲਹਾਲ ਸੂਬਾ ਸਰਕਾਰ ਵੱਲੋਂ ਆਰਜੀ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਪਰਮਜੀਤ ਨੂੰ ਵਾਧੂ ਚਾਰਜ ਦੇ ਕੇ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਦਾ ਕੰਮ ਕਾਜ ਦੇਖਣ ਦੇ ਹੁਕਮ ਦਿੱਤੇ ਗਏ ਹਨ।
ਪਰ ਜ਼ਿਲ੍ਹਾ ਹੈੱਡ-ਕੁਆਟਰ ਹੋਣ ਦੇ ਨਾਤੇ ਇੱਥੇ ਸਥਾਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਹੋਣਾ ਜਰੂਰੀ ਸਮਝਿਆ ਜਾ ਰਿਹਾ ਹੈ।