Punjab News: ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ‘ਚ ਵਾਪਰੀ ਮੰਦਭਾਗੀ ਘਟਨਾ ਦੀ ਸੰਗਤਾਂ ਵੱਲੋਂ ਪ੍ਰਸ਼ਾਸਨ ਤੋਂ ਜਾਂਚ ਪੜ੍ਹਤਾਲ ਦੀ ਮੰਗ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ:
Punjab News: ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਸੰਗਤਾਂ ਵੱਲੋਂ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਭਾਰੀ ਇਕੱਠ ਕੀਤਾ ਗਿਆ। ਜਿਸ ਇਲਾਕੇ ਦੇ ਸਰਪੰਚਾਂ, ਪੰਚਾਂ ਨੰਬਰਦਾਰਾਂ, ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਮੋਹਤਬਾਰ ਆਦਮੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਗੁਰੂਸਰ ਜ਼ਾਮਨੀ ਸਾਹਿਬ (ਬਜੀਦਪੁਰ), ਵਿਖੇ ਹੋਈ ਮੰਦਭਾਗੀ ਦੁਰਘਟਨਾ ਵਿੱਚ ਗੈਸ ਦੀ ਅੱਗ ਨਾਲ ਝੁਲਸੇ ਬੱਚਿਆਂ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਸ਼ਾਸਨ ਅਧਿਕਾਰੀਆਂ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਐੱਸਐੱਸਪੀ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਗਈ ਕਿ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਬਜੀਦਪੁਰ ਵਿੱਚ ਹੋਈ ਮੰਦਭਾਗੀ ਦੁਰਘਟਨਾ, ਜਿਸ ਵਿੱਚ ਗੈਸ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੰਜ ਸਕੂਲੀ ਬੱਚੇ ਅਤੇ ਦੋ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਝੁਲਸ ਗਏ ਸਨ, ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿੰਨਾ ਕਾਰਨਾਂ ਕਰਕੇ ਵਾਪਰਿਆ ਹੈ।
ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੇ ਪੰਜ ਸਕੂਲੀ ਬੱਚੇ ਜ਼ਿੰਦਗੀ ਮੌਤ ਦੀ ਲੜਾਈ ਜੇਰੇ ਇਲਾਜ ਫ਼ਰੀਦਕੋਟ ਹਸਪਤਾਲ ਵਿਖੇ ਲੜ ਰਹੇ ਹਨ। ਸੰਗਤਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਘਟਨਾਕ੍ਰਮ ਦੀ ਨਿਰਪੱਖ ਪੜਤਾਲ ਕਰਕੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਅਜਿਹਾ ਮੰਦਭਾਗਾ ਹਾਦਸਾ ਨਾ ਵਾਪਰੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਸਰਪੰਚ, ਬਲਦੇਵ ਸਿੰਘ ਭੁੱਲਰ, ਸੁਰਜੀਤ ਸਿੰਘ ਪ੍ਰਧਾਨ ਬਜੀਦਪੁਰ, ਭਾਈ ਜਸਬੀਰ ਸਿੰਘ ਪਿਆਰੇਆਣਾ, ਅਮਰੀਕ ਸਿੰਘ ਖਹਿਰਾ ਲੰਗਰ ਸੇਵਾ ਵਾਲੇ, ਅਮਰ ਸਿੰਘ ਸੰਧੂ ਸਰਪੰਚ, ਸਰਬਜੀਤ ਸਿੰਘ ਝੋਕ ਹਰੀਹਰ, ਗੁਰਦੀਪ ਸਿੰਘ ਖ਼ਾਲਸਾ ਨੰਬਰਦਾਰ, ਬੂਟਾ ਸਿੰਘ ਭੁੱਲਰ, ਜੋਗਿੰਦਰ ਸਿੰਘ ਪਿੰਡ ਮਧਰੇ, ਬਲਵੰਤ ਸਿੰਘ ਵਾਹਗਾ, ਜਸਬੀਰ ਸਿੰਘ ਭੁੱਲਰ ਪ੍ਰਧਾਨ, ਪਰਵਿੰਦਰ ਸਿੰਘ ਖੁੱਲਰ ਨੂਰਪੁਰ ਸੇਠਾਂ, ਮਨਜੀਤ ਸਿੰਘ ਔਲਖ ਪ੍ਰਧਾਨ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ, ਦਲੀਪ ਸਿੰਘ ਸੰਧੂ ਸਕੱਤਰ ਕਿਸਾਨ ਯੂਨੀਅਨ, ਵਿਰਸਾ ਸਿੰਘ ਬੁੱਕਣ ਖਾਂ ਵਾਲਾ, ਗੁਰਨਾਮ ਸਿੰਘ ਬਜੀਦਪੁਰ, ਕੁੰਦਨ ਸਿੰਘ, ਮਹਿੰਦਰ ਸਿੰਘ ਸਰਪੰਚ ਪਿਆਰੇਆਣਾ ਆਦਿ ਹਾਜ਼ਰ ਸਨ।