All Latest NewsGeneralNews FlashPunjab News

Punjab News: ਅਧਿਆਪਕ ਭਰਤੀਆਂ ਨੇਪਰੇ ਚਾੜ੍ਹਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪੇ

 

ਬਿਨਾਂ ਕਾਰਣ ਲਟਕਾਈਆਂ ਭਰਤੀਆਂ ਨੇਪਰੇ ਚਾੜ੍ਹੀਆਂ ਜਾਣ : ਡੀ ਟੀ ਐੱਫ ਪੰਜਾਬ

ਦਲਜੀਤ ਕੌਰ/ਪੰਜਾਬ ਨੈੱਟਵਰਕ, ਚੰਡੀਗੜ੍ਹ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਸੂਬੇ ਭਰ ਦੇ 21 ਜ਼ਿਲ੍ਹਿਆਂ ਵਿੱਚ 2364 ਈ ਟੀ ਟੀ ਅਤੇ 5994 ਈ ਟੀ ਟੀ ਅਧਿਆਪਕਾਂ ਦਾ ਸਹਿਯੋਗ ਕਰਦੇ ਹੋਏ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ 2364 ਈ ਟੀ ਟੀ ਅਤੇ 5994 ਈ ਟੀ ਟੀ ਭਰਤੀਆਂ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜੇ ਗਏ।

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਅਤੇ ਬਹੁਤ ਸਾਰੇ ਸਕੂਲ ਸਿੰਗਲ ਟੀਚਰ ਜਾਂ ਟੀਚਰ ਰਹਿਤ ਹਨ, ਪ੍ਰੰਤੂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 2364 ਈਟੀਟੀ ਭਰਤੀ ਦੀ ਮੈਰਿਟ ਲਿਸਟ ਜਾਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਨਾਕਾਮੀ ਕਾਰਨ ਹੀ ਰੁਲ ਰਹੀਂ 5994 ਈਟੀਟੀ ਭਰਤੀ ਦੀ ਪ੍ਰਕਿਰਿਆ ਵੀ ਲੰਬੇ ਸਮੇਂ ਤੋਂ ਵੱਖ-ਵੱਖ ਅੜਿੱਕੇ ਖੜ੍ਹੇ ਕਰਕੇ ਮੁਕੰਮਲ ਨਹੀਂ ਕੀਤੀ ਜਾ ਰਹੀ ਹੈ।

ਸਕੂਲੀ ਸਿੱਖਿਆ ਦੇ ਅਧਾਰ ਪ੍ਰਾਇਮਰੀ ਵਿੱਚ ਅਧਿਆਪਕਾਂ ਦੀਆਂ ਲੰਮਾ ਸਮਾਂ ਭਰਤੀਆਂ ਨਾ ਹੋਣ ਸਦਕਾ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਉੱਥੇ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਚੁਣੇ ਹੋਏ ਅਧਿਆਪਕ ਵੀ ਕਈ-ਕਈ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੁਗਤ ਰਹੇ ਹਨ।

ਇਸੇ ਸੰਕਟ ਵਿੱਚੋਂ ਇਹਨਾਂ ਅਧਿਆਪਕਾਂ ਵੱਲੋਂ ਆਪਣੀਆਂ ਭਰਤੀਆਂ ਮੁਕੰਮਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ 2364 ਈ.ਟੀ.ਟੀ. ਦੀ ਭਰਤੀ ਪੂਰੀ ਕਰਵਾਉਣ ਲਈ ਵਿੱਦਿਆ ਭਵਨ (ਮੋਹਾਲੀ) ਅੱਗੇ 20 ਅਗਸਤ 2024 ਤੋਂ ਅਣਮਿਥਿਆ ਧਰਨਾ ਚੱਲ ਰਿਹਾ ਹੈ ਅਤੇ 5994 ਈ.ਟੀ.ਟੀ. ਭਰਤੀ ਪੂਰੀ ਕਰਵਾਉਣ ਲਈ 24 ਅਗਸਤ ਤੋਂ ਲਗਾਤਾਰ ਸਿੱਖਿਆ ਮੰਤਰੀ ਦੀ ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ) ਰਿਹਾਇਸ਼ ਦੇ ਨੇੜੇ ਧਰਨਾ ਲੱਗਿਆ ਹੋਇਆ ਹੈ।

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਆਗੂਆਂ ਹਰਵਿੰਦਰ ਅੱਲੂਵਾਲ, ਅਮੋਲਕ ਡੇਲੂਆਣਾ, ਗਿਆਨ ਚੰਦ, ਰਮਨਜੀਤ ਸਿੰਘ, ਸੁਖਵਿੰਦਰ ਗਿਰ, ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਵਿਕਰਮ ਮਲੇਰਕੋਟਲਾ, ਗੁਰਜੰਟ ਲਾਂਗੜੀਆਂ, ਮਲਕੀਤ ਹਰਾਜ, ਜਸਕਰਨ ਮੌੜ ਫਰੀਦਕੋਟ, ਰੁਪਿੰਦਰ ਸਿੰਘ ਗਿੱਲ ਵੱਲੋਂ 2364 ਈ.ਟੀ.ਟੀ. ਅਧਿਆਪਕਾਂ ਅਤੇ 5994 ਈ.ਟੀ.ਟੀ. ਅਧਿਆਪਕਾਂ ਦੇ ਦੋਵੇਂ ਸੰਘਰਸ਼ੀ ਮੋਰਚਿਆਂ ਦੀ ਡਟਵੀਂ ਹਮਾਇਤ ਕਰਦੇ ਹੋਏ ਇਸ ਮੰਗ ਪੱਤਰ ਰਾਹੀਂ 2364 ਈ.ਟੀ.ਟੀ. ਭਰਤੀ ਲਈ ਚੁਣੇ ਗਏ ਅਧਿਆਪਕਾਂ ਦੀ ਫੌਰੀ ਸਿੱਖਿਆ ਵਿਭਾਗ ਵਿੱਚ ਜੁਆਇੰਨਿੰਗ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ 5994 ਈ.ਟੀ.ਟੀ. ਭਰਤੀ ਦੀਆਂ ਫਾਈਨਲ ਮੈਰਿਟ ਸੂਚੀਆਂ ਬਿਨਾਂ ਦੇਰੀ ਜਨਤਕ ਕਰਕੇ ਯੋਗ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਕਰਨ ਦੀ ਮੰਗ ਕੀਤੀ।

Leave a Reply

Your email address will not be published. Required fields are marked *