ਕਿਸਾਨ ਨੂੰ ਜੇਲ ਕਰਵਾਉਣ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਵਫਦ ਬੈਂਕ ਅਧਿਕਾਰੀਆਂ ਨੂੰ ਮਿਲਿਆ
5 ਸਤੰਬਰ ਨੂੰ ਪੰਜਾਬ ਨੈਸ਼ਨਲ ਬੈਂਕ ਮਲੋਟ ਦਾ ਕੀਤਾ ਜਾਵੇਗਾ ਘਿਰਾਓ – ਮਨਦੀਪ ਕਬਰਵਾਲਾ
ਮਲੋਟ
ਕਿਸਾਨ ਨੂੰ ਚੈੱਕ ਕੇਸ ਵਿੱਚ ਜੇਲ ਦੀ ਸਜ਼ਾ ਕਰਵਾਉਣ ਜਾ ਰਹੇ ਬੈਂਕ ਦੇ ਅਧਿਕਾਰੀਆਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਵਫਦ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਕਵਰਵਾਲਾ ਦੀ ਅਗਵਾਈ ਵਿੱਚ ਮਿਲਿਆ| ਬੈਂਕ ਵੱਲੋਂ ਧੋਖੇ ਨਾਲ ਕਿਸਾਨ ਤੋਂ ਲੈ ਕੇ ਰੱਖਿਆ ਗਿਆ ਚੈੱਕ ਕੇਸ ਵਿੱਚ ਕਿਸਾਨ ਨੂੰ ਸਜ਼ਾ ਕਰਵਾਉਣ ਤੇ ਰੋਸ ਵਜੋਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ| ਜਿਸ ਦੇ ਚਲਦਿਆਂ ਕਿਸਾਨ ਯੂਨੀਅਨ ਵੱਲੋਂ 5 ਸਤੰਬਰ ਨੂੰ ਪੰਜਾਬ ਨੈਸ਼ਨਲ ਬੈਂਕ ਬਰਾਂਚ ਡੀਏਵੀ ਕਾਲਜ ਮਲੋਟ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਕਬਰਵਾਲਾ ਨੇ ਦੱਸਿਆ ਕਿ ਪਿੰਡ ਕੋਲਿਆਂਵਾਲੀ ਦੇ ਕਿਸਾਨ ਕੰਵਰਜੀਤ ਸਿੰਘ ਅਤੇ ਉਸਦੇ ਪਿਤਾ ਨੂੰ ਧੋਖੇ ਨਾਲ ਲੈ ਕੇ ਰੱਖੇ ਹੋਏ ਚੈੱਕ ਕੇਸ ਵਿੱਚ ਫਸਾ ਕੇ ਬੈਂਕ ਸਜ਼ਾ ਕਰਵਾਉਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਵੱਲੋਂ ਬੈਂਕ ਨੂੰ ਪਹਿਲਾਂ ਤੋਂ ਕਰਜੇ ਸਬੰਧੀ ਸੈਟਲਮੈਂਟ ਕਰਨ ਲਈ ਵੀ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਪਰ ਚੈੱਕ ਕੇਸ ਵਿੱਚ ਫਸਾਏ ਹੋਣ ਕਰਕੇ ਬੈਂਕ ਲਗਾਤਾਰ ਸਖਤੀ ਵਿਖਾ ਰਿਹਾ ਹੈ ਤੇ ਵੱਧ ਪੈਸੇ ਭਰਨ ਦੀ ਮੰਗ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਅਤੇ ਪੰਜਾਬ ਨੈਸ਼ਨਲ ਬੈਂਕ ਨਾਲ ਪਹਿਲੇ ਧਰਨਿਆਂ ਦੌਰਾਨ ਵੀ ਇਸ ਗੱਲ ਤੇ ਸਹਿਮਤੀ ਬਣੀ ਹੈ ਕਿਸਾਨਾਂ ਤੋਂ ਪਹਿਲਾਂ ਲੈ ਕੇ ਰੱਖੇ ਹੋਏ ਚੈੱਕਾਂ ਵਿੱਚ ਜਬਰੀ ਵਸੂਲੀ ਨਹੀਂ ਕੀਤੀ ਜਾਏਗੀ। ਪਰ ਇਸ ਬਰਾਂਚ ਵੱਲੋਂ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਵੀ ਜਥੇਬੰਦੀ ਦੇ ਆਗੂਆਂ ਵੱਲੋਂ ਅਧਿਕਾਰੀਆਂ ਨਾਲ ਲੰਮੇ ਵਿਚਾਰ ਚਰਚਾ ਕੀਤੀ ਗਈ ਹੈ ਪਰ ਅਧਿਕਾਰੀਆਂ ਵੱਲੋਂ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਗਿਆ|
ਜਿਸਦੇ ਰੋਸ ਵਜੋਂ ਜਥੇਬੰਦੀ ਬੈਂਕ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰੇਗੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੁਖਚੈਨ ਸਿੰਘ ਪੱਕੀ ਟਿੱਬੀ, ਜ਼ਿਲਾ ਖਜਾਨਚੀ ਸ਼ਮਸ਼ੇਰ ਸਿੰਘ ਕਬਰਵਾਲਾ, ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਸਰਤਾਜ ਸਿੰਘ ਸ਼ਾਮ ਖੇੜਾ, ਮੀਤ ਪ੍ਰਧਾਨ ਜਰਨੈਲ ਸਿੰਘ ਪੰਜਾਵਾਂ, ਜਿਲਾ ਸਕੱਤਰ ਗੁਰਪ੍ਰੀਤ ਸਿੰਘ ਲੰਬੀ, ਜ਼ਿਲ੍ਹਾ ਪ੍ਰੈੱਸ ਸਕੱਤਰ ਕੰਵਰਜੀਤ ਸਿੰਘ ਕੋਲਿਆਂਵਾਲੀ, ਸੁਖਦੇਵ ਸਿੰਘ ਕਰਮਗੜ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ|