ਕੰਗਨਾ ‘ਤੇ ਔਖਾ ਹੋਇਆ ਭਾਜਪਾ ਦਾ ਕਿਸਾਨ ਵਿੰਗ, ਕਿਹਾ- ਬੀਬੀ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਕਰੇ ਨਹੀਂ ਤਾਂ….
ਕੰਗਨਾ ਰਣੌਤ ਨੇ ਦੇਸ਼ ਦੇ “ਅੰਨ ਦਾਤਾ” ਕਿਸਾਨ ਖ਼ਿਲਾਫ਼ ਘਟੀਆ ਸ਼ਬਦਾਵਲੀ ਵਰਤ ਕੇ ਪਾਰਟੀ ਸ਼ਾਖ ਨੂੰ ਢਾਅ ਲਾਈ :- ਸੁਖਮਿੰਦਰਪਾਲ ਸਿੰਘ ਗਰੇਵਾਲ
ਕੰਗਨਾ ਰਣੌਤ ਨੂੰ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਲੋੜ
ਭਾਜਪਾ ਕੰਗਨਾ ਰਣੌਤ ਇਕੱਲੀ ਦੀ ਪਾਰਟੀ ਨਹੀਂ ਹੈ, ਲੋਕ ਦਹਾਕਿਆਂ ਤੋਂ ਭਾਜਪਾ ਲਈ ਕੰਮ ਕਰ ਰਹੇ ਹਨ
ਲੁਧਿਆਣਾ-
“ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣਾ ਪਸੀਨਾ ਵਹਾ ਕੇ ਭਾਰਤੀ ਜਨਤਾ ਪਾਰਟੀ ਨੂੰ ਇਸ ਮੁਕਾਮ ‘ਤੇ ਪਹੁੰਚਾ ਕੇ ਦੇਸ਼ ‘ਤੇ ਲਗਾਤਾਰ ਤੀਜੀ ਵਾਰ ਰਾਜ ਕਰਨ ਦੇ ਸਮਰੱਥ ਬਣਾਇਆ ਹੈ। ਹਿਮਾਚਲ ਦੇ ਮੰਡੀ ਕਲ੍ਹਾਂ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੇ ਕਿਸਾਨਾਂ ਪ੍ਰਤੀ ਅਪਸ਼ਬਦ ਬੋਲ ਕੇ ਪੰਜਾਬ ਦੀ ਹਿੰਦੂ-ਸਿੱਖ ਏਕਤਾ ਨੂੰ ਤੋੜਨ ਤੇ ਅਮਨ-ਸ਼ਾਂਤੀ ਨੂੰ ਭੰਗ ਕਰਨ ਦਾ ਕੋਟਾ ਯਤਨ ਕੀਤਾ ਹੈ।
ਪੰਜਾਬ ਦੇ ਹਿੰਦੂ-ਸਿੱਖਾਂ ਸਮੇਤ ਹਰ ਵਰਗ ਦੇ ਲੋਕ ਪੰਜਾਬ ਦੇ ਮਾੜੇ ਦਿਨਾਂ ਦੌਰਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ। ਕੰਗਨਾ ਰਣੌਤ ਨੂੰ ਵਿਵਾਦਤ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ “।ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਸੀਨੀਅਰ ਸਿੱਖ ਆਗੂ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਆਖੀ ਹੈ।
BJP ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕੰਗਨਾ ਰਣੌਤ ਵੱਲੋਂ ਕਿਸਾਨਾਂ ਪ੍ਰਤੀ ਵਰਤੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਇਸ ਵਿਵਾਦਤ ਬਿਆਨ ਪ੍ਰਤੀ ਭਾਜਪਾ ਦੇ ਸਾਰੇ ਆਗੂਆਂ ਨੂੰ ਇਤਰਾਜ਼ ਹੈ, ਕਿਉਂ ਕਿ ਕਿਸਾਨਾਂ ਪ੍ਰਤੀ ਅਪਸ਼ਬਦ ਬੋਲ ਕੇ ਕੰਗਨਾ ਰਣੌਤ ਨੇ ਪਾਰਟੀ ਦੀ ਸਾਖ਼ ਨੂੰ ਢਾਹ ਲਾਈ ਹੈ।ਭਾਜਪਾ ਦੀ ਹਾਈਕਮਾਨ ਨੇ ਕੰਗਨਾ ਰਣੌਤ ‘ਤੇ ਬਹੁਤ ਵੱਡਾ ਭਰੋਸਾ/ਵਿਸਵਾਸ਼ ਕੀਤਾ ਸੀ,ਜਿਸ ਨੂੰ ਉਸ ਨੇ ਕੱਚ ਵਾਂਗੂੰ ਤੋੜ ਦਿੱਤਾ ਹੈ।
ਗਰੇਵਾਲ ਨੇ ਕਿਹਾ ਕਿ ਭਾਜਪਾ ਕੰਗਨਾ ਰਣੌਤ ਇਕੱਲੀ ਦੀ ਪਾਰਟੀ ਨਹੀਂ ਹੈ। ਪਾਰਟੀ ਦੀਆਂ ਦੇਸ਼ ਪੱਖੀ/ਲੋਕ ਪੱਖੀ ਨੀਤੀਆਂ ਸਦਕਾ ਲੋਕ ਵੱਡੀ ਤਦਾਦ ‘ਚ ਦਹਾਕਿਆਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ।
ਕਿਸਾਨ ਪੱਖੀ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਦਿਨ-ਰਾਤ ਮਿੱਟੀ ਨਾਲ ਮਿੱਟੀ ਹੋ ਕੇ/ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਵੀ ਅਨਾਜ ਪੈਦਾ ਕਰਕੇ ਲੋਕਾਂ ਦਾ ਢਿੱਡ ਭਰਦਾ ਹੈ।ਉਸ ਦੇ ਖਿਲਾਫ਼ ਘਟੀਆ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਤੇ ਇਹ ਅੱਤ ਦਰਜੇ ਦੀ ਘਟੀਆ ਮਾਨਸਿਕਤਾ ਨਹੀਂ ਤਾਂ ਹੋਰ ਕੀ ਹੈ?
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਜਹਿਰ ਫੈਲਾਉਣ ਵਾਲੀਆਂ ਫ਼ਿਲਮਾਂ ਬਣਨੀਆਂ ਵੀ ਨਹੀਂ ਚਾਹੀਦੀਆਂ ਅਤੇ ਸਾਨੂੰ ਦੇਖਣੀਆਂ ਵੀ ਨਹੀਂ ਚਾਹੀਦੀਆਂ। ਦੇਸ਼ ਦੀ ਅਮਨ-ਸ਼ਾਂਤੀ/ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸਾਨੂੰ ਆਪਣਾ ਬਣਦਾ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ।