ਤੇਲ ਕੀਮਤਾਂ ‘ਚ ਵਾਧਾ ਅਤੇ ਬਿਜਲੀ ਸਬਸਿਡੀ ਸਬੰਧੀ ਫੈਸਲਾ Mann ਸਰਕਾਰ ਤੁਰੰਤ ਵਾਪਸ ਲਵੇ: BKU ਡਕੌਂਦਾ
ਦਲਜੀਤ ਕੌਰ, ਚੰਡੀਗੜ੍ਹ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸੂਬਾ ਕਮੇਟੀ ਦੀ ਹੋਈ ਵਿਰਚੁਅਲ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਤੇਲ ਕੀਮਤਾਂ ਵਧਾਉਣ ਦੇ ਫੈਸਲੇ ਨੂੰ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਕਰਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤੇਲ ਕੀਮਤਾਂ ਵਧਾਉਣ ਦੇ ਨਾਲ 7 ਕਿਲੋਵਾਟ ਲੋਡ ਤੱਕ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਿਲਦੀ ਸਬਸਿਡੀ ਵੀ ਖਤਮ ਕਰ ਦਿੱਤੀ ਹੈ। ਉਹਨਾਂ ਕਿਹਾ ਕੀ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਨਾ ਸਿਰਫ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ, ਬਲਕਿ ਮਹਿੰਗਾਈ ਵੀ ਵਧੇਗੀ ਉਹਨਾਂ ਕਿਹਾ ਕੀ ਆਪ ਸਰਕਾਰ ਉਧਾਰ ਲਏ ਫੰਡਾਂ ਨਾਲ ਆਪਣੀਆਂ ਰੋਜ਼ ਮਰਾ ਦੀਆਂ ਸਰਗਰਮੀਆਂ ਚਲਾ ਰਹੀ ਹੈ।
ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਤੇਲ ਕੀਮਤਾਂ ਵਿੱਚ ਵਾਧੇ ਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਬਿਜਲੀ ਦੇ ਪਹਿਲੇ 300 ਯੂਨਿਟ ਮੁਫ਼ਤ ਪ੍ਰਦਾਨ ਕਰਨ ਵਾਰੇ ਜ਼ੋਰ ਸ਼ੋਰ ਨਾਲ ਪ੍ਰਚਾਰਦੀ ਹੈ।
ਜਦੋਂਕਿ ਇਸ ਤੋਂ ਉਪਰਲੀਆਂ ਯੂਨਿਟਾ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਮੱਧ ਵਰਗੀ ਘਰਾਂ ਤੇ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੇਲ ਕੀਮਤਾਂ ਚ ਵਾਧੇ ਨਾਲ ਜਰੂਰੀ ਵਸਤਾਂ ਤੇ ਸੇਵਾਵਾਂ ਦੀਆਂ ਕੀਮਤਾਂ ਤੇ ਮਾੜਾ ਅਸਰ ਪਵੇਗਾ। ਸੂਬਾ ਕਮੇਟੀ ਨੇ ਮੰਗ ਕੀਤੀ ਕਿ ਸਰਕਾਰ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ।