All Latest NewsGeneralNews FlashPunjab News

Punjab News: ਕੰਪਿਊਟਰ ਅਧਿਆਪਕਾਂ ‘ਤੇ ਲਾਠੀਚਾਰਜ ਅਤੇ ਸਰਕਾਰੀ ਜਬਰ ਦੀ DTF ਵੱਲੋਂ ਸਖ਼ਤ ਨਿਖੇਧੀ

 

ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦੇਵੇ ਸਰਕਾਰ: ਡੀ.ਟੀ.ਐੱਫ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰਾਂ ਤੇ ਮਲੋਆ ਪੁਲਿਸ ਸਟੇਸ਼ਨ ਵਿਖੇ ਦਰਜ਼ ਐਫ.ਆਈ.ਆਰ ਦੀ ਸਖਤ ਨਿਖੇਧੀ

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੇ ਹੱਕੀ ਤੇ ਸੰਵਿਧਾਨਿਕ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਸੰਗਰੂਰ ਪੁਲਿਸ ਵੱਲੋਂ ਅਧਿਆਪਕਾਂ ‘ਤੇ ਹਲਕੇ ਲਾਠੀਚਾਰਜ ਅਤੇ ਵਾਟਰ ਕੈਨਨ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦਿੱਤੇ ਜਾਣ ਵਾਲੇ ਦਿਵਾਲੀ ਦੇ ਤੋਹਫੇ ਦਾ ਕਰੂਪ ਚਿਹਰਾ ਸਾਹਮਣੇ ਆ ਗਿਆ ਅਤੇ ਇਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਖੌਤੀ ਬਦਲਾਅ ਵਾਲਾ ਨਾਅਰਾ ਵੀ ਝੂਠਾ ਸਾਬਿਤ ਹੋ ਗਿਆ।

ਅਧਿਆਪਕਾਂ ‘ਤੇ ਕੀਤੇ ਗਏ ਹਲਕੇ ਲਾਠੀਚਾਰਜ ਅਤੇ ਵਰਤੇ ਗਏ ਵਾਟਰ ਕੈਨਨ ਦੌਰਾਨ ਅਧਿਆਪਕਾਂ ਦੇ ਚੁੰਨੀਆਂ/ਪੱਗਾਂ ਲਾਹੁਣ, ਬੇਹੋਸ਼ ਹੋਣ ਅਤੇ ਹਲਕੀਆਂ ਸੱਟਾਂ ਲੱਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਖੌਤੀ ਇਨਕਲਾਬੀ ਸਰਕਾਰ ਦੀਆਂ ਸਿੱਖਿਆ ਵਿਰੋਧੀ ਅਤੇ ਅਧਿਆਪਕ ਵਿਰੋਧੀ ਕਾਰਵਾਈਆਂ ਨੇ ਸਾਫ ਜਾਹਿਰ ਕਰ ਦਿੱਤਾ ਹੈ ਕਿ ਇਹ ਸਰਕਾਰ ਕਿਹੋ ਜਿਹਾ ਅਖੌਤੀ ਬਦਲਾਅ ਚਾਹੁੰਦੀ ਹੈ।

ਆਗੂਆਂ ਨੇ ਕਿਹਾ ਇਹ ਉਹੀ ਸਰਕਾਰ ਹੈ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਧਰਨਿਆਂ ਵਿੱਚ ਆਪ ਸ਼ਾਮਿਲ ਹੁੰਦੀ ਰਹੀ ਹੈ ਅਤੇ ਉਹਨਾਂ ਨੂੰ ਆਪਣੀ ਸਰਕਾਰ ਬਣਨ ਤੇ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇਣ ਦੇ ਵਾਅਦੇ ਕਰਦੀ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੱਤਾ ਵਿੱਚ ਆਉਣ ਤੇ ਇਹਨਾਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਗਏ ਐਲਾਨ ਵੀ ਝੂਠੇ ਸਾਬਤ ਹੁੰਦੇ ਜਾ ਰਹੇ ਹਨ।

ਇੱਥੋਂ ਤੱਕ ਕਿ ਇੰਨ੍ਹਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਹੁਣ ਤੱਕ ਪੂਰਨ ਝੂਠ ਸਾਬਤ ਹੋ ਚੁੱਕਾ ਹੈ ਅਤੇ ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਦਿੱਤਾ ਜਾਣ ਵਾਲਾ ਤੋਹਫ਼ਾ ਹਾਲੇ ਤੱਕ ਉਹਨਾਂ ਨੂੰ ਨਸੀਬ ਨਹੀਂ ਹੋਇਆ।

ਡੀ.ਟੀ.ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਕਿ ਉਹ ਕੰਪਿਊਟਰ ਅਧਿਆਪਕਾਂ ਦੀਆਂ ਸਿੱਖਿਆ ਵਿਭਾਗ ਵਿੱਚ ਮਰਜ ਹੋਣ ਅਤੇ ਛੇਵੇਂ ਤਨਖਾਹ ਕਮਿਸ਼ਨ ਸਮੇਤ ਹੋਰ ਮੰਗਾਂ ਨੂੰ ਜਾਇਜ਼ ਅਤੇ ਸੰਵਿਧਾਨਿਕ ਮੰਨਦੇ ਹੋਏ ਉਹਨਾਂ ਦੇ ਸੰਘਰਸ਼ ਦੇ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹਨ ਅਤੇ ਇੰਨ੍ਹਾਂ ਵੱਲੋਂ ਵਿੱਢੇ ਸੰਘਰਸ਼ ਦੀ ਜਿੱਤ ਤੱਕ ਇੰਨ੍ਹਾਂ ਦਾ ਸਾਥ ਦੇਣ ਦਾ ਐਲਾਨ ਕਰਦੇ ਹਨ।

ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਚਰਨਜੀਤ ਸਿੰਘ ਰਜਧਾਨ, ਗੁਰੁਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ ਨੇ ਕਿਹਾ ਕਿ ਅਖੌਤੀ ਇਨਕਲਾਬੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਮੁਲਾਜ਼ਿਮ ਤੇ ਪੈਨਸ਼ਨਰਾ ਦੀਆਂ ਵਿੱਤੀ ਅਤੇ ਵਿਭਾਗੀ ਮੰਗਾਂ ਤੇ ਸਹਿਮਤੀ ਪ੍ਰਗਟਾਉਣ ਦੇ ਬਾਵਜ਼ੂਦ ਅੱਜ ਤੱਕ ਕਿਸੇ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੀ ਹੈ। ਬਾਰ ਬਾਰ ਇਹਨਾਂ ਮੰਗਾਂ ਤੇ ਵਿਚਾਰ ਚਰਚਾ ਅਤੇ ਘੋਖਣ ਲਈ ਸਬ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਜੋ ਸਰਕਾਰੀ ਇਸ਼ਾਰਿਆਂ ਤੇ ਸਿਰਫ ਡੰਗ ਟੱਪਾਈ ਕਰ ਰਹੀਆਂ ਹਨ ਅਤੇ ਅੱਜ ਤੱਕ ਹੋਈਆਂ ਮੀਟਿੰਗਾਂ ਦੀ ਰਿਪੋਰਟ ਤਿਆਰ ਨਹੀਂ ਕਰ ਸਕੀ।

ਇਸ ਦੇ ਵਿਰੋਧ ਵਿੱਚ ਕੀਤੇ ਗਏ ਘੋਲਾਂ ਤੇ ਨਤੀਜੇ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮਿਲੀਆਂ ਮੀਟਿੰਗਾਂ ਹਰ ਵਾਰ ਮੁਲਤਵੀ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਦਾ ਸਮੁਚੇ ਮੁਲਾਜ਼ਿਮ ਖੇਮੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਟੇ ਵਜੋਂ 3 ਸਤੰਬਰ 2024 ਨੂੰ ਮਟਕਾ ਚੌਕ, ਚੰਡੀਗੜ੍ਹ ਵਿਖੇ ਕੀਤੇ ਸੰਘਰਸ਼ੀ ਤੇ ਸ਼ਾਂਤਮਯੀ ਰੋਸ ਪ੍ਰਦਰਸ਼ਨ ਦੇ ਦਬਾਅ ਹੇਠ ਇੱਕ ਪਾਸੇ 10 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਿੱਤੀ ਗਈ ਅਤੇ ਓਸੇ ਦਿਨ ਰਾਤ ਪੰਜਾਬ ਮੁਲਾਜ਼ਿਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਲੱਗਭਗ ਅਠਾਰਾਂ ਸੂਬਾ ਕਨਵੀਨਰਾਂ ਵਿਰੁੱਧ ਮਲੌਆ ਪੁਲਿਸ ਸਟੇਸ਼ਨ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ।

ਜਿਸ ਵਿੱਚ ਭਾਰਤੀ ਨਿਆਂ ਸੰਹਿਤਾਂ, 2023 ਤਹਿਤ ਗੰਭੀਰ ਧਾਰਾਵਾਂ ਲਗਾਈਆਂ ਗਈਆਂ। ਇਨਾਂ ਦੋਸ਼ਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੱਚਾਈ ਨਹੀਂ ਅਤੇ ਸਰਕਾਰ ਦੇ ਇਸ਼ਾਰੇ ਤੇ ਮਲੋਆ ਪੁਲਿਸ ਵੱਲੋਂ ਬੇਬੁਨੀਆਦ ਇਲਜ਼ਾਮ ਲਗਾਏ ਗਏ, ਜਿਸ ਦੀ ਜਥੇਬੰਦੀ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਅਤੇ ਝੂਠੇ ਤੇ ਬੇਬੁਨਿਆਦ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਂਦੀ ਹੈ।

 

Leave a Reply

Your email address will not be published. Required fields are marked *