ਪੰਜਾਬ ਸਰਕਾਰ ਨੇ 86 ਸੀਨੀਅਰ ਸਹਾਇਕਾਂ ਅਤੇ 69 ਕਲਰਕਾਂ ਨੂੰ ਦੂਰ ਦੁਰੇਡੇ ਜ਼ਿਲ੍ਹਿਆਂ ‘ਚ ਬਦਲ ਕੇ ਕੀਤਾ ਘਰੋਂ ਬੇਘਰ
ਵੱਖ- ਵੱਖ ਜੱਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਦਲੀਆਂ ਦੇ ਹੁਕਮ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਵਾਨਗੀ ਨਾਲ ਪੰਜਾਬ ਦੇ ਵੱਖ ਵੱਖ ਖਜ਼ਾਨਾ ਦਫਤਰਾਂ ਵਿੱਚ ਕੰਮ ਕਰਦੇ 86 ਸੀਨੀਅਰ ਸਹਾਇਕਾਂ ਅਤੇ 69 ਕਲਰਕਾਂ ਦੀ ਵੱਡੇ ਪੱਧਰ ਤੇ ਉਥਲ ਪੁਥਲ ਕਰਦੇ ਹੋਏ ਪਿਛਲੇ ਦਿਨੀ ਇਹਨਾਂ ਮੁਲਾਜ਼ਮਾਂ ਨੂੰ ਦੂਰ ਦੁਰੇਡੇ ਜਿਲਿਆਂ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਨਵੇਂ ਨਿਯੁਕਤੀ ਵਾਲੇ ਥਾਵਾਂ ਤੇ ਹਾਜ਼ਰ ਹੋਣ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਇਹਨਾਂ ਬਦਲੀਆਂ ਦੇ ਹੁਕਮਾਂ ਤੇ ਟਿੱਪਣੀ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22ਬੀ , ਚੰਡੀਗੜ੍ਹ ਦੇ ਸੂਬਾਈ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਤੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ , ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਕਿਹਾ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਘਰੋਂ ਬੇਘਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਵਿੱਤ ਵਿਭਾਗ ਕੋਲ ਕੁੱਝ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਆਈਆਂ ਹੋਣ ਤਾਂ ਇਸ ਦੀ ਪੜਤਾਲ ਕਰਵਾਕੇ ਹੀ ਸੰਬੰਧਿਤ ਮੁਲਾਜ਼ਮ ਨੂੰ ਦੂਰ ਦੁਰੇਡੇ ਬਦਲਣ ਬਾਰੇ ਫੈਸਲਾ ਲਿਆ ਜਾ ਸਕਦਾ ਸੀ।
ਪਰ ਬਿਨਾਂ ਵਜ੍ਹਾ ਸਿਰਫ ਲੰਬੀ ਠਹਿਰ ਨੂੰ ਆਧਾਰ ਬਣਾ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਘਰੋਂ ਬੇਘਰ ਕਰਨਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ ਅਤੇ ਘੋਰ ਬੇਇਨਸਾਫੀ ਹੈ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਹ ਬਦਲੀਆਂ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ ਅਤੇ ਘਰੋਂ ਬੇਘਰ ਕੀਤੇ ਗਏ150 ਤੋਂ ਵਧੇਰੇ ਮੁਲਾਜ਼ਮਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਵਾਪਸ ਆਪਣੇ ਪਹਿਲੀ ਨਿਯੁਕਤੀ ਵਾਲੇ ਥਾਵਾਂ ਤੇ ਹੀ ਭੇਜਿਆ ਜਾਵੇ।