ਵੱਡੀ ਵਾਰਦਾਤ! ਅਧਿਆਪਕ ਸਮੇਤ ਪੂਰੇ ਪਰਿਵਾਰ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੂੰਨਿਆ, 4 ਜੀਆਂ ਦੀ ਮੌਤ
ਅਮੇਠੀ/ ਉੱਤਰ ਪ੍ਰਦੇਸ਼
ਬੀਤੀ ਰਾਤ ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੁਝ ਬਦਮਾਸ਼ਾਂ ਨੇ ਪੀ.ਐੱਮ.ਸ਼੍ਰੀ ਸਕੂਲ ਪੰਹੌਣਾ ਵਿੱਚ ਸਹਾਇਕ ਅਧਿਆਪਕ ਘਰ ‘ਚ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਅਧਿਆਪਕ ਪਤੀ, ਪਤਨੀ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ।
ਪਰ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਖਾਲੀ ਹੱਥ ਹੈ। ਹਾਲਾਂਕਿ ਜੇਕਰ ਪੁਲਿਸ ਚਾਹੁੰਦੀ ਤਾਂ ਸ਼ਾਇਦ ਇਸ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਮ੍ਰਿਤਕ ਨੇ ਇਸ ਘਟਨਾ ਦੀ ਸੂਚਨਾ 47 ਦਿਨ ਪਹਿਲਾਂ ਪੁਲੀਸ ਨੂੰ ਦਿੱਤੀ ਸੀ।
47 ਦਿਨ ਪਹਿਲਾਂ ਦਰਜ ਕੀਤੀ ਗਈ ਸੀ FIR
ਅਮੇਠੀ ਗੋਲੀਬਾਰੀ ‘ਚ ਆਪਣੇ ਪਤੀ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ‘ਚ ਪਾਉਣ ਵਾਲੀ ਮ੍ਰਿਤਕ ਪੂਨਮ ਭਾਰਤੀ ਨੇ 18 ਅਗਸਤ ਨੂੰ ਰਾਏਬਰੇਲੀ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਐਫਆਈਆਰ ਵਿੱਚ ਪੂਨਮ ਨੇ ਦਾਅਵਾ ਕੀਤਾ ਸੀ ਕਿ ਚੰਦਨ ਵਰਮਾ ਨਾਂ ਦਾ ਵਿਅਕਤੀ ਉਸਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਹ ਪੂਨਮ ਨਾਲ ਅਸ਼ਲੀਲ ਹਰਕਤਾਂ ਕਰਨਾ ਚਾਹੁੰਦਾ ਸੀ ਪਰ ਪੂਨਮ ਨੇ ਇਨਕਾਰ ਕਰ ਦਿੱਤਾ।
ਅਜਿਹੇ ‘ਚ ਚੰਦਨ ਨੇ ਪੂਨਮ ਅਤੇ ਉਸ ਦੇ ਪਤੀ ਸੁਨੀਲ ਕੁਮਾਰ ਨੂੰ ਥੱਪੜ ਮਾਰ ਦਿੱਤਾ। ਇੰਨਾ ਹੀ ਨਹੀਂ ਚੰਦਨ ਨੇ ਦੋਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਚੰਦਨ ਨੇ ਕਿਹਾ ਕਿ ਜੇਕਰ ਪੂਨਮ ਨੇ ਪੁਲਸ ਕੋਲ ਪਹੁੰਚ ਕੀਤੀ ਤਾਂ ਉਹ ਦੋਵਾਂ ਨੂੰ ਮਾਰ ਦੇਵੇਗਾ।
ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਪੂਨਮ ਨੇ ਐਫਆਈਆਰ ਵਿੱਚ ਇੱਥੋਂ ਤੱਕ ਲਿਖਿਆ ਸੀ ਕਿ ਜੇਕਰ ਉਸ ਨਾਲ ਅਤੇ ਉਸ ਦੇ ਪਤੀ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਲਈ ਚੰਦਨ ਵਰਮਾ ਜ਼ਿੰਮੇਵਾਰ ਹੋਵੇਗਾ। ਪੂਨਮ ਨੇ ਪੁਲਿਸ ਨੂੰ ਮਦਦ ਦੀ ਅਪੀਲ ਕੀਤੀ ਪਰ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਰਹੀ।
ਪੂਨਮ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 18 ਅਗਸਤ 2024 ਨੂੰ ਸ਼ਾਮ 4 ਵਜੇ ਦੇ ਕਰੀਬ ਪੂਨਮ ਨਾਲ ਚੰਦਨ ਨੇ ਜਨਤਕ ਤੌਰ ‘ਤੇ ਛੇੜਛਾੜ ਕੀਤੀ, ਉਸ ਨੂੰ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਗਈ ਅਤੇ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪਰ ਸ਼ਾਇਦ ਇਹ ਸਭ ਕਾਫ਼ੀ ਨਹੀਂ ਸੀ। ਆਖਿਰ 47 ਦਿਨਾਂ ਬਾਅਦ ਉਹੀ ਹੋਇਆ ਜਿਸ ਦਾ ਡਰ ਸੀ।
ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ
ਅਮੇਠੀ ਦੇ ਸ਼ਿਵਰਤਨਗੰਜ ਥਾਣਾ ਖੇਤਰ ਦੇ ਅਹੋਰਵਾ ਭਵਾਨੀ ਕਸਬੇ ਦੇ ਮੁੱਖ ਚੌਰਾਹੇ ‘ਤੇ ਸੁਨੀਲ ਕੁਮਾਰ (35) ਆਪਣੀ ਪਤਨੀ ਪੂਨਮ (30), ਦੋ ਬੇਟੀਆਂ ਦ੍ਰਿਸ਼ਟੀ (6) ਅਤੇ ਲਾਡੋ (2) ਨਾਲ ਰਹਿੰਦਾ ਸੀ। ਸੁਨੀਲ ਪੀ.ਐੱਮ.ਸ਼੍ਰੀ ਸਕੂਲ, ਪੰਹੌਣਾ ਵਿੱਚ ਸਹਾਇਕ ਅਧਿਆਪਕ ਸੀ। ਵੀਰਵਾਰ ਰਾਤ ਨੂੰ ਕੁਝ ਬੰਦੂਕਧਾਰੀਆਂ ਨੇ ਘਰ ‘ਤੇ ਹਮਲਾ ਕਰ ਦਿੱਤਾ। ਸੁਨੀਲ ਨੂੰ ਸਾਹਮਣੇ ਦੇਖ ਕੇ ਉਨ੍ਹਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਆਪਣੇ ਪਤੀ ਨੂੰ ਬਚਾਉਣ ਲਈ ਜਿਵੇਂ ਹੀ ਪੂਨਮ ਅੱਗੇ ਆਈ ਤਾਂ, ਉਸਨੂੰ ਵੀ ਗੋਲੀਆਂ ਨਾਲ ਭੂੰਨ ਦਿੱਤਾ ਗਿਆ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਦੋ ਮਾਸੂਮ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ।
ਵਿਹੜੇ ਵਿੱਚ ਲਹੂ ਭਿੱਜੀਆਂ ਲਾਸ਼ਾਂ ਮਿਲੀਆਂ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਰੀਬ 10-15 ਮਿੰਟ ਤੱਕ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੰਨਾਟਾ ਛਾ ਗਿਆ। ਲੋਕਾਂ ਨੇ ਘਰੋਂ ਬਾਹਰ ਆ ਕੇ ਦੇਖਿਆ ਤਾਂ ਉਥੇ ਕੋਈ ਨਜ਼ਰ ਨਹੀਂ ਆਇਆ। ਲੋਕਾਂ ਨੇ ਗੋਲੀਬਾਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਸੁਨੀਲ ਦੇ ਪੂਰੇ ਪਰਿਵਾਰ ਦੀਆਂ ਲਾਸ਼ਾਂ ਵਿਹੜੇ ‘ਚ ਖਿੱਲਰੀਆਂ ਪਈਆਂ ਸਨ। ਹਮਲਾਵਰਾਂ ਨੂੰ ਕਿਸੇ ਨੇ ਨਹੀਂ ਦੇਖਿਆ। ਇੱਥੋਂ ਤੱਕ ਕਿ ਪੁਲੀਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ।
ਦੂਜੇ ਪਾਸੇ, ਇਸ ਘਟਨਾ ਤੇ ਬਸਪਾ ਸੁਪਰੀਮੋ ਮਾਇਆਵਤੀ ਦਾ ਬਿਆਨ ਸਾਹਮਣੇ ਆਇਆ ਹੈ।
यूपी के अमेठी जिले में एक दलित परिवार के चार लोगों की एक साथ की गयी निर्मम हत्या की घटना अति-दुखद व चिन्ताजनक। सरकार दोषियों व वहां के पुलिसकर्मियों के खिलाफ भी सख्त कदम उठाए ताकि अपराधी बेखौफ न रहें।
— Mayawati (@Mayawati) October 4, 2024
ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ, ਅਮੇਠੀ ‘ਚ ਦਲਿਤ ਅਧਿਆਪਕ ਦੇ ਪੂਰੇ ਪਰਿਵਾਰ ਦੀ ਸਨਸਨੀਖੇਜ਼ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਬੀਤੀ ਰਾਤ ਵਾਪਰੀ। ਪਤੀ, ਪਤਨੀ ਅਤੇ ਦੋ ਮਾਸੂਮ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। news24