All Latest NewsGeneralNews FlashPoliticsPunjab NewsTop BreakingTOP STORIES

52ਵੀਂ ਬਰਸੀ ‘ਤੇ ਵਿਸ਼ੇਸ਼! ਰੀਗਲ ਸਿਨੇਮਾ ਗੋਲੀਕਾਂਡ ਵਿਰੁੱਧ ਸ਼ਾਨ੍ਹਾਮੱਤਾ ਲੋਕ ਘੋਲ

 

52ਵੀਂ ਬਰਸੀ ‘ਤੇ ਵਿਸ਼ੇਸ਼! ਰੀਗਲ ਸਿਨੇਮਾ ਗੋਲੀਕਾਂਡ ਵਿਰੁੱਧ ਸ਼ਾਨ੍ਹਾਮੱਤਾ ਲੋਕ ਘੋਲ

ਅਕਤੂਬਰ 1972 ਵਿੱਚ ਹੋਏ ਮੋਗਾ ਗੋਲ਼ੀ ਕਾਂਡ ਤੇ ਇਸ ਵਿਰੁੱਧ ਉੱਠੀ ਖਾੜਕੂ ਲੋਕ ਲਹਿਰ ਨੂੰ 52 ਵਰ੍ਹੇ ਬੀਤ ਚੁੱਕੇ ਹਨ। 52 ਵਰਿ੍ਹਆਂ ਬਾਅਦ ਵੀ ਇਸ ਸ਼ਾਨ੍ਹਾਮੱਤੇ ਲੋਕ ਘੋਲ਼ ਦੀ ਸ਼ਮ੍ਹਾਂ ਬਲ਼ ਰਹੀ ਹੈ। ਜਿੱਥੇ ਮੋਗਾ ਗੋਲੀ ਕਾਂਡ ਰੀਗਲ ਸਿਨੇਮਾ ਦੇ ਮਾਲਕ ਵਰਗੇ ਸਰਮਾਏਦਾਰਾਂ ਤੇ ਸਰਕਾਰਾਂ ਦੀ ਜੋਟੀ ਦਾ, ਹਾਕਮ ਜਮਾਤ ਦੇ ਖੂਨੀ ਜਬਾੜਿਆਂ ਦਾ ਇਜਹਾਰ ਸੀ ਉੱਥੇ ਇਸ ਵਿਰੁੱਧ ਉੱਠੀ ਲੋਕ ਲਹਿਰ ਪੰਜਾਬ ਦੀ ਲੋਕਾਈ ਅੰਦਰ ਮੌਜੂਦ ਇਨਕਲਾਬੀ ਸੰਭਾਵਨਾਵਾਂ ਦਾ ਨਮੂਨਾ ਸੀ, ਇਸ ਵਿੱਚ ਹਾਕਮ ਜਮਾਤੀ ਜਬਰ ਦਾ ਮੂੰਹ ਤੋੜ ਜੁਆਬ ਦੇਣ ਦੀ ਨਾਬਰੀ ਦੀ ਰਵਾਇਤ ਦਾ ਪ੍ਰਗਟਾਵਾ ਸੀ ਅਤੇ ਇਹ ਇਨਕਲਾਬੀ ਲਹਿਰ ਅੰਦਰ ਮਾਅਰਕੇਬਾਜ਼ੀ ਤੋਂ ਜਨਤਕ ਲੀਹ ਵੱਲ ਪਰਤਣ ਦਾ ਨਿਵੇਕਲਾ ਕਦਮ ਸੀ।

ਮੋਗਾ ਗੋਲ਼ੀ ਕਾਂਡ ਤੇ ਇਸ ਵਿਰੁੱਧ ਉੱਠੀ ਲੋਕ ਲਹਿਰ ਨੂੰ ਸਮਝਣ ਲਈ ਇਸਦੀ ਪਿੱਠਭੂਮੀ ਨੂੰ ਸਮਝਣਾ ਜਰੂਰੀ ਹੈ। 1947 ’ਚ ਅੰਗਰੇਜਾਂ ਤੋਂ ਮਿਲ਼ੀ ਅਜ਼ਾਦੀ ਤੋਂ ਭਾਰਤ ਦੇ ਕਿਰਤੀ ਲੋਕਾਂ ਨੂੰ ਜਿਹੜੀਆਂ ਉਮੀਦਾਂ ਸਨ, ਉਹ 1965 ਤੱਕ ਆਉਂਦੇ ਟੁੱਟ ਚੁੱਕੀਆਂ ਸਨ। ਟਾਟਾ, ਬਿਰਲਾ ਵਰਗੇ ਸਰਮਾਏਦਾਰਾਂ ਦੀ ਦੌਲਤ ਤੇਜੀ ਨਾਲ਼ ਵਧ ਰਹੀ ਸੀ ਤੇ ਕਿਰਤੀ ਲੋਕ ਕੰਗਾਲੀ ਵੱਲ ਧੱਕੇ ਜਾ ਰਹੇ ਸਨ। ਅਜਿਹੇ ਮੌਕੇ 1967 ਵਿੱਚ ਬੰਗਾਲ ਵਿੱਚੋਂ ਮਹਾਨ ਨਕਸਲਬਾੜੀ ਲਹਿਰ ਦਾ ਉਭਾਰ ਹੋਇਆ, ਜਿਹੜੀ ਭਾਰਤ ਦੇ ਹੋਰ ਕਈ ਖਿੱਤਿਆਂ ਦੇ ਨਾਲ਼-ਨਾਲ ਪੰਜਾਬ ਵਿੱਚ ਵੀ ਫੈਲੀ। ਪਰ ਇਹ ਲੋਕ ਲਹਿਰ ਖੱਬੇ ਮਾਅਰਕੇਬਾਜ਼ੀ ਦਾ ਸ਼ਿਕਾਰ ਹੋਈ, ਮਤਲਬ ਇਸ ਵਿੱਚ ਲੋਕਾਂ ਦੇ ਸਮੂਹਿਕ ਘੋਲਾਂ ਤੇ ਜਨਤਕ ਜਥੇਬੰਦੀਆਂ ਨੂੰ ਰੱਦ ਕਰਕੇ ਛੋਟੇ-ਛੋਟੇ ਹਥਿਆਰਬੰਦ ਦਸਤੇ ਬਣਾ ਕੇ ਜਮਾਤੀ ਦੁਸ਼ਮਣ ਦੇ ਸਫਾਏ ਦੀ ਲੀਹ ਲਾਗੂ ਕੀਤੀ ਗਈ। ਜਿਸ ਵਿੱਚ ਜਗੀਰਦਾਰਾਂ, ਸਰਕਾਰੀ ਟਾਊਟਾਂ ਆਦਿ ਦਾ ਕਤਲ ਕੀਤਾ ਜਾਂਦਾ ਸੀ।

ਇਸ ਖੱਬੀ ਮਾਅਰਕੇਬਾਜੀ ਕਾਰਨ ਪੰਜਾਬ ਵਿੱਚ 1964 ਤੋਂ ਸ਼ੁਰੂ ਹੋਈ ਵਿਦਿਆਰਥੀਆਂ ਦੀ ਸਿਰਮੌਰ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ’ ਨੂੰ ਭੰਗ ਕਰ ਦਿੱਤਾ ਗਿਆ। ਪੰਜਾਬ ਦੇ ਇਨਕਲਾਬੀਆਂ ਵੱਲੋਂ ਹਥਿਆਰਬੰਦ ਦਸਤੇ ਬਣਾ ਕੇ ਜਮਾਤੀ ਦੁਸ਼ਮਣਾਂ ਦੇ ਕਤਲ ਦਾ ਕੰਮ ਵਿੱਢਿਆ ਗਿਆ ਤੇ ਦੂਜੇ ਪਾਸੇ ਸੱਤ੍ਹਾ ਵੱਲੋਂ ਅੰਨ੍ਹੇ ਜਬਰ ਦਾ ਰਾਹ ਅਪਣਾਇਆ ਗਿਆ। 1970 ਤੋਂ ਸਤੰਬਰ 1972 ਤੱਕ ਹਾਕਮਾਂ ਵੱਲੋਂ 70 ਦੇ ਕਰੀਬ ਨਕਸਲੀ ਇਨਕਲਾਬੀਆਂ ਨੂੰ ਸ਼ਹੀਦ ਕੀਤਾ ਗਿਆ। ਇਹਨਾਂ ਵਿੱਚ ਰਾਮ ਕਰਨ (18 ਸਾਲ), ਰਵਿੰਦਰ ਸਿੰਘ (19 ਸਾਲ) ਤੋਂ ਲੈਕੇ 80 ਸਾਲ ਦੇ ਬਾਬਾ ਬੂਝਾ ਸਿੰਘ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ। ਪੁਲਿਸ ਵੱਲੋਂ ਨਕਸਲੀਆਂ ਦੇ ਪਰਿਵਾਰਾਂ, ਰਿਸ਼ਤੇਦਾਰਾਂ, ਮਿੱਤਰਾਂ ਤੇ ਪਿੰਡ ਵਾਸੀਆਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਸੀ। ਪੰਜਾਬ ਸਰਕਾਰੀ ਦਹਿਸ਼ਤ ਹੇਠ ਜਿਉਣ ਲਈ ਮਜ਼ਬੂਰ ਹੋ ਚੁੱਕਾ ਸੀ। ਇਹਨਾਂ ਹਾਲਤਾਂ ਵਿਰੁੱਧ ਲੋਕਾਂ ਅੰਦਰ ਪਲ਼ ਰਿਹਾ ਰੋਸ ਮੋਗਾ ਗੋਲ਼ੀ ਕਾਂਡ ਮਗਰੋਂ ਭਾਂਬੜ ਬਣ ਬਲ਼ ਉੱਠਿਆ।

ਮੋਗਾ ਸ਼ਹਿਰ ਵਿੱਚ ਚਲਦੇ ਰੀਗਲ ਸਿਨੇਮਾ ਦਾ ਮਾਲਕ ਇੱਕ ਤਕੜੀ ਹੈਸੀਅਤ ਵਾਲ਼ਾ ਸੀ, ਜਿਸਦੇ ਭਾਰਤ ਵਿੱਚ 82 ਸਿਨੇਮਾ ਚਲਦੇ ਸਨ। ਇਸ ਕਾਰਨ ਉਸਦੀ ਸਰਕਾਰੀ ਦਰਬਾਰੇ ਵੀ ਪਹੁੰਚ ਸੀ ਤੇ ਉਸਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਗੁੰਡੇ ਵੀ ਪਾਲ਼ੇ ਹੋਏ ਸਨ। ਉਸ ਵੇਲ਼ੇ ਵਿਦਿਆਰਥੀਆਂ ਲਈ ਸਿਨੇਮੇ ਦੀ ਅੱਧੀ ਟਿਕਟ ਦੀ ਸਹੂਲਤ ਸੀ। ਪਰ ਰੀਗਲ ਸਿਨੇਮੇ ਦੇ ਮਾਲਕ ਵੱਲੋਂ ਬਿਠਾਏ ਗੁੰਡੇ ਅਕਸਰ ਵਿਦਿਆਰਥੀਆਂ ਨਾਲ਼ ਧੱਕੇਸ਼ਾਹੀ ਕਰਦੇ ਸਨ ਤੇ ਵਿਦਿਆਰਥੀਆਂ ਨੂੰ ਰਿਆਇਤ ਹਾਸਲ ਕਰਨ ਤੋਂ ਰੋਕਦੇ ਸਨ। ਇਸ ਤੋਂ ਬਿਨਾਂ ਟਿਕਟਾਂ ਦੀ ਬਲੈਕ ਰੋਕਣ, ਵਿਦਿਆਰਥੀਆਂ ਲਈ ਵੱਖਰੀ ਟਿਕਟ ਖਿੜਕੀ ਸਮੇਤ ਸਿਨੇਮੇ ਵਿੱਚ ਪੀਣ ਦੇ ਪਾਣੀ ਦੇ ਪ੍ਰਬੰਧ ਤੇ ਸਾਇਕਲ ਸਟੈਂਡ ਜਿਹੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕਈ ਵਾਰ ਮੰਗ-ਪੱਤਰ ਦੇ ਚੁੱਕੇ ਸਨ। ਪਰ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। 4 ਅਕਤੂਬਰ ਨੂੰ ਇਹਨਾਂ ਮੰਗਾਂ ਲਈ ਉਸ ਵੇਲ਼ੇ ਮੌਜੂਦ ‘ਸਟੂਡੈਂਟਸ ਵੈਲਫੇਅਰ ਕਮੇਟੀ’ ਅਤੇ ਸੋਧਵਾਦੀ ਭਾ.ਕ.ਪਾ. ਦੀ ਵਿਦਿਆਰਥੀ ਜਥੇਬੰਦੀ ਏ.ਆਈ.ਐੱਸ.ਐੱਫ. ਵੱਲੋਂ ਸਿਨੇਮਾ ਮਾਲਕ ਖਿਲਾਫ ਮੁਜ਼ਾਹਰਾ ਕੀਤਾ ਗਿਆ ਤਾਂ ਪਹਿਲਾਂ ਤੋਂ ਤਿਆਰ ਬੈਠੇ ਉਹਨਾਂ ਦੇ ਗੁੰਡਿਆਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਜਿਸ ਵਿੱਚ ਕਈ ਵਿਦਿਆਰਥੀ ਜਖ਼ਮੀ ਹੋਏ। ਕੁੱਝ ਦਿਨਾਂ ਬਾਅਦ ਇੱਕ ਵਿਦਿਆਰਥੀ ਦੀ ਮੌਤ ਹੋ ਗਈ।

ਇਸ ਗੁੰਡਾਗਰਦੀ ਤੇ ਪ੍ਰਸ਼ਾਸ਼ਨ ਦੀ ਨਲਾਇਕੀ ਖਿਲਾਫ 5 ਅਕਤੂਬਰ 1972 ਨੂੰ ਮੋਗਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਰੱਖਿਆ ਗਿਆ। ਜਿਸ ਵਿੱਚ ਨੌਜਵਾਨਾਂ, ਵਿਦਿਆਰਥੀਆਂ ਤੇ ਕਿਰਤੀ ਲੋਕਾਂ ਦੇ ਜੁਝਾਰੂ ਜੱਥੇ ਸ਼ਾਮਲ ਹੋਏ। 1971 ਵਿੱਚ ਮੁੜ-ਜਥੇਬੰਦ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਗਈ। ਵੱਡੇ ਇਕੱਠ ਨੂੰ ਦੇਖਦੇ ਹੋਏ ਹੋਰ ਜ਼ਿਲਿ੍ਹਆਂ ਦੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਪੁਰਅਮਨ ਚੱਲ ਰਿਹਾ ਇਹ ਮਾਰਚ ਜਦ ਰੀਗਲ ਸਿਨੇਮਾ ਕੋਲ਼ ਆਇਆ ਤਾਂ ਪੁਲਿਸ ਨੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਤੇ ਮੁਜਾਹਰਾਕਾਰੀਆਂ ਦਰਮਿਆਨ ਟਕਰਾਅ ਹੋ ਗਿਆ। ਸੱਤ੍ਹਾ ਦੇ ਨਸ਼ੇ ਵਿੱਚ ਭੂਤਰੇ ਡੀ.ਐੱਸ.ਪੀ. ਚੀਮਾ ਨੇ ਗੋਲ਼ੀ ਚਲਾਉਣ ਦਾ ਹੁਕਮ ਦਿੱਤਾ ਜਿਸ ਵਿੱਚ ਪਿੰਡ ਚੜਿੱਕ ਦੇ ਦੋ ਵਿਦਿਆਰਥੀ ਹਰਜੀਤ ਸਿੰਘ ਤੇ ਸਵਰਨ ਸਿੰਘ ਮੌਕੇ ’ਤੇ ਸ਼ਹੀਦ ਹੋ ਗਏ। ਪੁਲਿਸ ਨੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ। ਇੱਕ ਨੌਜਵਾਨ ਰਿਕਸ਼ਾ ਚਾਲਕ ਗੁਰਦੇਵ ਸਿੰਘ ਵੀ ਇਸ ਗੋਲ਼ੀਬਾਰੀ ਵਿੱਚ ਮਾਰਿਆ ਗਿਆ। ਇਸ ਵਿੱਚ ਸੈਂਕੜੇ ਲੋਕ ਗੰਭੀਰ ਜਖਮੀ ਹੋਏ। ਜਖਮੀਆਂ ਨੂੰ ਪੱਲੇਦਾਰ ਆਪਣੀਆਂ ਰੇਹੜ੍ਹੀਆਂ ਉੱਪਰ ਢੋਕੇ ਹਸਪਤਾਲ ਲੈਕੇ ਗਏ। ਅਸਲ ਮੌਤਾਂ ਦੀ ਕੋਈ ਪੱਕੀ ਗਿਣਤੀ ਪਤਾ ਨਾ ਲੱਗ ਸਕੀ, ਕਿਉਂਕਿ ਪ੍ਰਸ਼ਾਸ਼ਨ ਨੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਸਨ।

ਪਰ ਇਸ ਜ਼ਬਰ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਨੇ 7 ਅਕਤੂਬਰ ਨੂੰ ਮੁੜ ਮੋਗੇ ਸ਼ਹਿਰ ’ਚ ਮੁਜ਼ਾਹਰੇ ਦਾ ਸੱਦਾ ਦਿੱਤਾ। ਇਸ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਲੋਕਾਂ ਦੇ ਹੜ੍ਹ ਨੇ ਹਾਕਮਾਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਤੇ ਮੁੜ ਗੋਲ਼ੀ ਚਲਾਈ ਗਈ, ਜਿਸ ਵਿੱਚ ਇੱਕ ਅਧਿਆਪਕ ਕੇਵਲ ਕਿ੍ਰਸ਼ਨ ਤੇ ਇੱਕ ਕੁੜੀ ਦੀ ਮੌਤ ਹੋਈ। ਫੇਰ ਵੱਡੀ ਗਿਣਤੀ ’ਚ ਲੋਕ ਜਖਮੀ ਹੋਏ। ਮੋਗੇ ਨੂੰ ਮੁੜ ਚੁੱਪ ਵਰਗੀ ਮੌਤ ਹਵਾਲੇ ਕਰ ਦਿੱਤਾ। ਇਸ ਜਬਰ ਨੇ ਲੋਕਾਂ ਨੂੰ ਜਰਨਲ ਡਾਇਰ ਚੇਤੇ ਕਰਵਾ ਦਿੱਤਾ। ਇਉਂ ਮੋਗੇ ਦੀ ਧਰਤੀ ਨੂੰ ਲਹੂ ਨਾਲ਼ ਭਿਉਂ ਕੇ ਹਾਕਮਾਂ ਨੇ ਭਰਮ ਪਾਲਿਆ ਕਿ ਲੋਕ ਰੋਹ ਦਾ ਉੱਠਿਆ ਤੂਫਾਨ ਥੰਮ੍ਹ ਲਿਆ ਹੈ।

ਪਰ ਵਰਿ੍ਹਆਂ ਤੋਂ ਚੁੱਪ-ਚਾਪ ਜਬਰ ਸਹਿ ਰਹੇ ਲੋਕ ਹੁਣ ਮੁੜ ਚੁੱਪ ਹੋਣ ਲਈ ਨਹੀਂ ਸੀ ਉੱਠੇ, ਸਗੋਂ ਉਹ ਸਿਰਾਂ ’ਤੇ ਕਫਨ ਬੰਨ੍ਹ ਹਾਕਮਾਂ ਦੀਆਂ ਗੋਡਣੀਆਂ ਲਵਾਉਣ ਲਈ ਸੜਕਾਂ ’ਤੇ ਨਿੱਕਲੇ ਸਨ। 7 ਅਕਤੂਬਰ ਦੀ ਇਸ ਘਟਨਾ ਨਾਲ਼ ਵਿਦਿਆਰਥੀਆਂ ਦੀ ਅਗਵਾਈ ਵਿੱਚ ਲੋਕਾਂ ਨੇ ਹਾਕਮਾਂ ਖਿਲਾਫ ਇੱਕ ਜੰਗ ਛੇੜ ਦਿੱਤੀ ਸੀ, ਜਿਸਨੇ ਨਾ ਸਿਰਫ ਕਈ ਮਹੀਨਿਆਂ ਤੱਕ ਹਾਕਮਾਂ ਦੀ ਨੀਂਦ ਖਰਾਬ ਕਰੀ ਰੱਖੀ, ਸਗੋਂ ਜਿਸਨੇ ਆਉਣ ਵਾਲ਼ੇ ਲੰਬੇ ਸਮੇਂ ਲਈ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਪੰਜਾਬ ਸਟੂਡੈਂਟਸ ਯੂਨੀਅਨ ਨੇ ਪੂਰੇ ਪੰਜਾਬ ’ਚ ਰੋਸ ਵਜੋਂ 9 ਤੋਂ 15 ਅਕਤੂਬਰ ਤੱਕ ਕਾਲ਼ਾ ਹਫਤਾ ਮਨਾਉਣ ਦਾ ਸੱਦਾ ਦਿੱਤਾ। 11 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ। ਇਹਨਾਂ ਸੱਦਿਆਂ ਨੂੰ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਮੁਲਾਜਮਾਂ ਤੇ ਹੋਰ ਕਿਰਤੀ ਲੋਕਾਂ ਨੇ ਭਰਵਾਂ ਹੁੰਘਾਰਾ ਦਿੱਤਾ। ਇੱਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਵੀ ਪੁਲਿਸ ਨਾਲ਼ ਭਿੜਦੇ ਰਹੇ। ਥਾਂ-ਥਾਂ ਲੋਕਾਂ ਨੇ ਥਾਣੇ ਘੇਰੇ, ਪੁਲਿਸ ਦਾ ਕੁਟਾਪਾ ਕੀਤਾ, ਸਰਕਾਰੀ ਕੰਮ-ਕਾਜ ਠੱਪ ਕੀਤੇ। ਇਹਨਾਂ ਟੱਕਰਾਂ ਵਿੱਚ ਲੋਕ ਜਖਮੀ ਹੁੰਦੇ ਰਹੇ, ਪਰ ਪੂਰੇ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਗਿਆ।

ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੀ ਸਰਕਾਰ ਨੇ ਇਸ ਲੋਕ ਘੋਲ਼ ਨੂੰ ਢਾਹ ਲਾਉਣ ਲਈ ਕਈ ਕੋਝੇ ਹੱਥਕੰਡੇ ਅਪਣਾਏ। ਪੂਰੇ ਪੰਜਾਬ ਵਿੱਚ ਦਫਾ 144 ਲਾ ਦਿੱਤੀ ਗਈ, ਪੰਜਾਬ ਦੀਆਂ ਗਲ਼ੀਆਂ ਵਿੱਚ ਬੀ.ਐੱਸ.ਐਫ. ਦੇ ਟਰੱਕ ਧੂੜ ਉਡਾਉਣ ਲੱਗੇ। ਜਦੋਂ ਕਨੂੰਨੀ ਧਾਰਾਵਾਂ, ਪੁਲਿਸ ਤੇ ਫੌਜ ਸਭ ਫੇਲ੍ਹ ਹੋ ਗਈ ਤਾਂ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਜਿਹੇ ਡਰਾਮੇ ਕੀਤੇ ਗਏ। ਸ਼ਹੀਦ ਵਿਦਿਆਰਥੀਆਂ ਦੇ ਪਰਿਵਾਰ ਲਈ ਸਰਕਾਰ ਨੇ ਮੁਆਵਜੇ ਦਾ ਐਲਾਨ ਕੀਤਾ ਤਾਂ ਹਰਜੀਤ ਦੇ ਪਿਤਾ ਜਗੀਰ ਸਿੰਘ ਨੇ ਇਹ ਆਖ ਕੇ ਮੁਆਵਜਾ ਠੁਕਰਾ ਦਿੱਤਾ ਕਿ ਉਹ ਬੁੱਚੜਾਂ ਨਾਲ਼ ਆਪਣੇ ਪੁੱਤ ਦੀ ਲਾਸ਼ ਦਾ ਸੌਦਾ ਨਹੀਂ ਕਰੇਗਾ। ਉਸਤੋਂ ਬਾਅਦ ਧਰਮ ਦਾ ਸਹਾਰਾ ਲਿਆ ਗਿਆ। ਪਹਿਲਾਂ ਧੂਮ-ਧਾਮ ਨਾਲ ਪਿੰਡਾਂ ’ਚ ਪ੍ਰਚਾਰ ਕਰਦੇ ਹੋਏ ਮੋਗੇ ਦੁਸ਼ਹਿਰਾ ਮਨਾਇਆ ਗਿਆ ਤੇ ਫੇਰ ਅਨੰਦਪੁਰ ਤੋਂ ਦਮਦਮਾ ਸਾਹਿਬ ਤੱਕ ਧਾਰਮਿਕ ਯਾਤਰਾ ਕੱਢੀ ਗਈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਦੇ ਸ਼ਸ਼ਤਰਾਂ ਦੇ ਦਰਸ਼ਨ ਕਰਾਏ ਗਏ। ਅਖ਼ਬਾਰਾਂ ਇਸ ਯਾਤਰਾ ਦੀਆਂ ਖਬਰਾਂ ਨਾਲ਼ ਭਰਕੇ ਲੋਕਾਂ ਦਾ ਧਿਆਨ ਮੋੜਿਆ ਗਿਆ। ਪਰ ਇਹ ਲੋਕ ਘੋਲ਼ ਫੇਰ ਵੀ ਬਰਕਰਾਰ ਰਿਹਾ।

ਇਸ ਸੰਘਰਸ਼ ਦੇ ਸਿਖਰ ਛੂੰਹਦੇ ਹੋਏ ਹੀ ਏ.ਆਈ.ਐੱਸ.ਐੱਫ. 16 ਅਕਤੂਬਰ ਨੂੰ “ਮੰਗਾਂ ਮੰਨ ਲਈਆਂ ਗਈਆਂ” ਆਖ ਕੇ ਇਸ ਸੰਘਰਸ਼ ਨੂੰ ਦਗਾ ਦੇ ਗਈ। ਉਹਨਾਂ ਦੇ ਆਗੂ ਬੰਤ ਬਰਾੜ ਨੇ ਡੀ.ਸੀ., ਐਸ.ਪੀ. ਨੂੰ ਬਰਖਾਸਤ ਕਰਨ, ਲੋਕਾਂ ਉੱਪਰ ਪਾਏ ਮੁਕੱਦਮੇ ਰੱਦ ਕਰਨ ਜਿਹੀਆਂ ਮੰਗਾਂ ਲਈ ਮਰਨ ਵਰਤ ਰੱਖਿਆ ਤੇ ਬਿਨਾਂ ਮੰਗਾਂ ਮਨਾਏ ਹਫਤੇ ਅੰਦਰ ਹੀ ਸਮਾਪਤ ਕਰ ਦਿੱਤਾ। ਦੂਜੇ ਪਾਸੇ ਪੰਜਾਬ ਸਟੂਡੈਂਟਸ ਯੂਨੀਅਨ ਕਰੀਬ 1100 ਲੋਕਾਂ ਉੱਪਰ ਦਰਜ ਹੋਏ ਸਾਰੇ ਪਰਚੇ ਰੱਦ ਕਰਵਾਉਣ, ਗਿ੍ਰਫਤਾਰ ਹੋਏ ਲੋਕਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਕਰਵਾਉਣ, ਬੀ.ਐੱਸ.ਐੱਫ. ਵਾਪਸ ਭੇਜਣ ਤੇ ਫਰੀਦਕੋਟ, ਡੀ.ਸੀ. ਤੇ ਐਸ.ਪੀ. ਨੂੰ ਮੁਅੱਤਲ ਕਰਕੇ ਕਤਲ ਦਾ ਮੁਕੱਦਮਾ ਚਲਾਉਣ ਅਤੇ ਰੀਗਲ ਸਿਨੇਮਾ ਨੂੰ ਸ਼ਹੀਦ ਵਿਦਿਆਰਥੀਆਂ ਹਰਜੀਤ ਤੇ ਸਵਰਨ ਦੀ ਯਾਦਗਾਰ ਬਣਾਉਣ ਦੀਆਂ ਮੰਗਾਂ ਲਈ ਅਣਥੱਕ ਘੋਲ਼ ਚਲਾਉਂਦੇ ਹੋਏ ਇੱਕ ਸੂਝਵਾਨ, ਖਾੜਕੂ ਤੇ ਭਰੋਸੇਯੋਗ ਜਥੇਬੰਦੀ ਦੇ ਤੌਰ ’ਤੇ ਸਥਾਪਿਤ ਹੋਈ। ਇਹਨਾਂ ਵਿੱਚੋਂ ਕਈ ਮੰਗਾਂ ਦਸੰਬਰ ’ਚ ਪੂਰੇ ਹੋਣ ਜਾਣ ਮਗਰੋਂ ਇਹ ਸੰਘਰਸ਼ ਖਤਮ ਹੋਇਆ।

ਪਰ ਇਸ ਸੰਘਰਸ਼ ਦੀ ਮਹੱਤਤਾ ਸਿਰਫ਼ ਇਸ ਗੱਲ ਵਿੱਚ ਨਹੀਂ ਕਿ ਇਹ ਸੰਘਰਸ਼ ਕਿੰਨੀਆਂ ਜਾਂ ਕਿਹੜੀਆਂ ਮੰਗਾਂ ਮੰਨਵਾ ਸਕਿਆ, ਸਗੋਂ ਇਸਦੀ ਅਹਿਮੀਅਤ ਇਸ ਨਾਲ਼ੋਂ ਕਿਤੇ ਜ਼ਿਆਦਾ ਹੈ। ਸਭ ਤੋਂ ਪਹਿਲੀ ਗੱਲ ਇਸਨੇ ਉਹਨਾਂ ਸਮਿਆਂ ਵਿੱਚ ਸਰਕਾਰੀ ਜਬਰ ਦੀ ਦਹਿਸ਼ਤ ਹੇਠ ਜਿਉਂ ਰਹੀ ਲੋਕਾਈ ਨੂੰ ਲੁੱਟ, ਜ਼ਬਰ ਤੇ ਬੇਇਨਸਾਫ਼ੀ ਦਾ ਜਥੇਬੰਦ ਹੋਕੇ ਟਾਕਰਾ ਕਰਨ ਲਈ ਪ੍ਰੇਰਿਆ। ਲੋਕਾਂ ਦੀ ਜ਼ਿੰਦਗੀ ਦੀ ਜਹਾਲਤ ਤੇ ਜ਼ਿੱਲਤ ਨੂੰ ਪੂੰਝ ਦਿੱਤਾ ਤੇ ਉਸਦੀ ਥਾਂ ਸੰਘਰਸ਼ਾਂ, ਕੁਰਬਾਨੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਪੰਜਾਬ ਦੇ ਲੋਕਾਂ ਨੇ ਹਰ ਤਰ੍ਹਾਂ ਦੀ ਲੁੱਟ, ਗੁਲਾਮੀ, ਜ਼ਬਰ ਤੇ ਬੇਇਨਸਾਫੀ ਸਹਿੰਦੇ ਹੋਏ ਧਰਤੀ ’ਤੇ ਰੀਂਗਦੇ ਕੀੜਿਆਂ ਵਰਗੀ ਜ਼ਿੰਦਗੀ ਹੋਰ ਜਿਉਣ ਤੋਂ ਨਾਂਹ ਕਰਕੇ ਆਪਣੇ ਹਿੱਸੇ ਦੇ ਹਰ ਪਲ ਲਈ, ਹਰ ਸਾਹ ਲਈ ਸੰਘਰਸ਼ ਕਰਦੇ ਹੋਏ ਇੱਕ ਬਹਾਦਰੀ ਤੇ ਸਵੈਮਾਣ ਵਾਲ਼ੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ।

ਇਸਦੀ ਦੂਜੀ ਮਹੱਤਤਾ ਇਸ ਗੱਲ ਵਿੱਚ ਸੀ ਕਿ ਇਸਨੇ ਇਨਕਲਾਬੀ ਲਹਿਰ ਵਿੱਚ ਕੁੱਝ ਮੁੱਠੀ ਭਰ ਨੌਜਵਾਨਾਂ ਦੀ ਹਥਿਆਰਬੰਦ ਕਰਵਾਈ ਵਾਲ਼ੀ ਖੱਬੀ ਮਾਅਰਕੇਬਾਜੀ ਦੀ ਭਟਕਣਾ ਨੂੰ ਕਿਨਾਰੇ ਕਰਕੇ ਲੋਕਾਂ ਦੀ ਅਥਾਹ ਤਾਕਤ ਉੱਪਰ ਟੇਕ ਰੱਖਣ ਵਾਲ਼ੀ ਜਨਤਕ ਲੀਹ ਮੁੜ ਸਥਾਪਤ ਕੀਤੀ। ਭਾਵੇਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਤਕ ਲੀਹ ਉੱਪਰ 1971 ਵਿੱਚ ਮੁੜ ਗਠਨ ਕੀਤਾ ਜਾ ਚੁੱਕਾ ਸੀ, ਪਰ ਇਸਦੀ ਤਾਕਤ ਬਹੁਤ ਸੀਮਤ ਤੇ ਇਨਕਲਾਬੀ ਲਹਿਰ ਦਾ ਵੱਡਾ ਹਿੱਸਾ ਇਸਨੂੰ ਅਸਲੀ ਇਨਕਲਾਬੀ ਘੋਲ਼ ਤੋਂ ਭਗੌੜਾਪਣ ਆਖਦੇ ਹੋਏ ਇਸਦੇ ਮਹੱਤਵ ਨੂੰ ਨਕਾਰਦਾ ਸੀ। ਪਰ ਮੋਗਾ ਗੋਲ਼ੀ ਕਾਂਡ ਵਿਰੁੱਧ ਸ਼ਾਨ੍ਹਾਮੱਤੇ ਲੋਕ ਘੋਲ਼ ਦੀ ਅਗਵਾਈ ਕਰਕੇ ਪਿਰਥੀਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਵਾਲ਼ੀ ਪੀ.ਐੱਸ.ਯੂ. ਨੇ ਜਨਤਕ ਲੀਹ ਦੇ ਮਹੱਤਵ ਨੂੰ ਸਥਾਪਿਤ ਕਰ ਦਿੱਤਾ ਤੇ ਉਸਤੋਂ ਬਾਅਦ ਹੋਰ ਇਨਕਲਾਬੀ ਗਰੁੱਪ ਵੀ ਜਨਤਕ ਜਥੇਬੰਦੀਆਂ ਬਣਾਉਣ ਲੱਗੇ।

ਇਸ ਘੋਲ਼ ਦਾ ਤੀਜਾ ਮਹੱਤਵ ਇਸ ਵਿੱਚ ਸੀ ਕਿ ਇਸਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵਰਗੀ ਇੱਕ ਜੁਝਾਰੂ ਜਥੇਬੰਦੀ ਦਿੱਤੀ ਜੋ ਇਸ ਘੋਲ਼ ਵਿੱਚ ਫੌਲਾਦ ਵਾਂਗ ਹੰਢੀ-ਤਪੀ ਸੀ। ਇਸ ਘੋਲ਼ ਨੇ ਪੂਰੇ ਪੰਜਾਬ ਵਿੱਚ ਪੀ.ਐੱਸ.ਯੂ. ਨੂੰ ਮਾਨਤਾ ਦਿਵਾਈ ਤੇ ਥਾਂ-ਥਾਂ ਵਿਦਿਆਰਥੀ ਇਸਦੇ ਝੰਡੇ ਹੇਠ ਜਥੇਬੰਦ ਹੋਣ ਲੱਗੇ। ਇਸ ਪੀ.ਐਸ.ਯੂ. ਨੇ ਉਸਤੋਂ ਬਾਅਦ 10 ਸਾਲ ਪੰਜਾਬ ਦੇ ਵਿਦਿਆਰਥੀਆਂ ਦੇ ਅਨੇਕਾਂ ਵੱਡੇ ਘੋਲ਼ਾਂ ਵਿੱਚ ਅਗਵਾਈ ਕੀਤੀ। ਇਹਨਾਂ 10 ਸਾਲਾਂ ਵਿੱਚ ਪੀ.ਐੱਸ.ਯੂ. ਵੱਲੋਂ ਕੀਤੇ ਕਾਰਨਾਮੇ ਅੱਜ ਵੀ ਮਿਸਾਲੀ ਹਨ ਤੇ ਇਸ ਵੱਲੋਂ ਪਾਈਆਂ ਪਿਰਤਾਂ ਅੱਜ ਵੀ ਵਿਦਿਆਰਥੀਆਂ ਦਾ ਰਾਹ-ਰੁਸ਼ਨਾ ਰਹੀਆਂ ਹਨ।

ਅੱਜ ਅਸੀਂ ਕੇਂਦਰ ਵਿੱਚ ਫਾਸ਼ੀਵਾਦੀ ਭਾਜਪਾ-ਸੰਘ ਦੀ ਹਕੂਮਤ ਦੇਖ ਰਹੇ ਹਾਂ ਜਿਹੜੀ ਸਰਮਾਏਦਾਰਾਂ ਨਾਲ ਸ਼ਰ੍ਹੇਆਮ ਯਾਰੀ ਗੰਢਦੇ ਹੋਏ ਕਿਰਤੀ ਲੋਕਾਂ ਉੱਪਰ ਅੰਨ੍ਹਾ ਜਬਰ ਢਾਹ ਰਹੀ ਹੈ। ਲੋਕਾਂ ਨੂੰ ਧਰਮ ਦੇ ਨਾਮ ਉੱਪਰ ਭਰਾ-ਮਾਰ ਜੰਗ ਵਿੱਚ ਝੋਕ ਰਹੀ ਹੈ। ਹੱਕ, ਸੱਚ ਤੇ ਇਨਸਾਫ ਲਈ ਜੂਝਦੇ ਕਾਰਕੁੰਨ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਇਹ ਝੂਠੇ ਮੁਕੱਦਮਿਆਂ ਵਿੱਚ ਜੇਲ੍ਹਾਂ ਵਿੱਚ ਡੱਕ ਰਹੀ ਹੈ ਅਤੇ ਬਿਲਕਿਸ ਬਾਨੋ ਮਾਮਲੇ ਜਿਹੇ ਘਿਨਾਉਂਣੇ ਕਤਲ ਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾਅ ਕਰ ਰਹੀ ਹੈ। ਪੰਜਾਬ ਵਿੱਚ ਲੋਕਾਂ ਨੇ “ਬਦਲਾਅ” ਦੇ ਭਰਮ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਹੋਈ ਹੈ, ਜਿਹੜੀ ਪੁਰਾਣੇ ਹਾਕਮਾਂ ਦੀ ਪੈੜ ਵਿੱਚ ਪੈਰ ਰੱਖਦੇ ਹੋਏ ਹੀ ਚੱਲ ਰਹੀ ਹੈ। ਲੋਕ ਮਹਿੰਗਾਈ, ਬੇਰੁਜਗਾਰੀ ਨਾਲ਼ ਜੂਝ ਰਹੇ ਹਨ ਤੇ ਉਹਨਾਂ ਅੰਦਰ ਇਸ ਪ੍ਰਬੰਧ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਅਜਿਹੇ ਮੌਕੇ 52 ਸਾਲ ਪਹਿਲਾਂ ਦੇ ਸ਼ਾਨ੍ਹਾਮੱਤੇ ਲੋਕ ਘੋਲ਼ ਨੂੰ ਚੇਤੇ ਕਰਨਾ ਬੜਾ ਮਹੱਤਵਪੂਰਨ ਹੋ ਜਾਂਦਾ ਹੈ।

ਇਸ ਘੋਲ਼ ਦੀਆਂ ਰਵਾਇਤਾਂ ਸਾਨੂੰ ਆਖ ਰਹੀਆਂ ਹਨ ਤੇ ਹਾਕਮਾਂ ਦੀ ਇਸ ਅੰਨ੍ਹੀ ਲੁੱਟ, ਜਬਰ ਤੇ ਬੇਇਨਸਾਫੀਆਂ ਨੂੰ ਚੁੱਪ-ਚਾਪ ਸਹਿੰਦੇ ਹੋਏ ਤਿਲ-ਤਿਲ ਕੇ ਮਰਨਾ ਛੱਡੀਏ ਤੇ ਮਰਜੀਵੜੇ ਬਣ ਲੋਕ ਘੋਲ਼ਾਂ ਦੇ ਅਖਾੜੇ ਭਖਾਈਏ ਤੇ ਹਾਕਮਾਂ ਦੀ ਨੀਂਦ ਹਰਾਮ ਕਰੀਏ। ਇਹ ਵਿਰਾਸਤ ਵਿਦਿਆਰਥੀਆਂ ਨੂੰ ਸੱਦਾ ਦੇ ਰਹੀ ਹੈ ਕਿ ਉਸ ਵੇਲੇ ਦੀ ਪੀ.ਐਸ.ਯੂ. ਵਰਗੀ ਮਜਬੂਤ, ਫੌਲਾਦੀ, ਖਾੜਕੂ ਵਿਦਿਆਰਥੀ ਜਥੇਬੰਦੀ ਨੂੰ ਮੁੜ-ਸੁਰਜੀਤ ਕਰੀਏ ਤੇ ਉਸ ਲੋਕ ਘੋਲ਼ ਦੇ ਪਾਏ ਪੂਰਨਿਆਂ ਤੋਂ ਅਗਾਂਹ ਚੱਲਦੇ ਹੋਏ ਲੋਕ ਮੁਕਤੀ ਦਾ ਸਫਰ ਤੈਅ ਕਰੀਏ।  ਖ਼ਬਰ ਸ੍ਰੋਤ- “ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 11, ਅੰਕ 16 – 1 ਤੋਂ 15 ਅਕਤੂਬਰ 2022 ਵਿੱਚ ਪ੍ਰਕਾਸ਼ਿਤ

 

Leave a Reply

Your email address will not be published. Required fields are marked *