ਅਹਿਮ ਖ਼ਬਰ: ਏਡਿਡ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਘੇਰਨ ਦਾ ਐਲਾਨ
ਧਰਨੇ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਏਡਿਡ ਸਕੂਲਾਂ ਦੇ ਸਮੂਹ ਪੈਨਸ਼ਨਰਾਂ ਅਤੇ ਕੰਮਕਾਜੀ ਮੁਲਾਜ਼ਮਾਂ ਨੇ ਕਸੀ ਕਮਰ
ਪੰਜਾਬ ਨੈੱਟਵਰਕ, ਪਟਿਆਲਾ
ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਦੀ ਸੂਬਾ ਇਕਾਈ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ 9 ਅਕਤੂਬਰ ਨੂੰ ਸੰਗਰੂਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਭਰ ਤੋਂ ਅਧਿਆਪਕ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਸਮੂਹ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਦੇਰੀ ਕਰਨ ਦੀ ਨੀਤੀ ਅਪਣਾਈ ਹੋਈ ਹੈ, ਜਿਸ ਦੀ ਸਮੁੱਚੀ ਯੂਨੀਅਨ ਸਖ਼ਤ ਨਿਖੇਧੀ ਕਰਦੀ ਹੈ।
ਵਿਸ਼ੇਸ਼ ਤੌਰ ‘ਤੇ ਯੂਨੀਅਨ ਨੇ ਸੀ ਐਂਡ ਵੀ ਅਧਿਆਪਕਾਂ ਦੀ ਗਰੇਡ ਪੇਅ ਅਤੇ ਅੱਠ ਮਹੀਨਿਆਂ ਤੋਂ ਰੁਕੀ ਤਨਖਾਹ ਦੀ ਸਖ਼ਤ ਆਲੋਚਨਾ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਯੂਨੀਅਨ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਦੀ ਅਗਵਾਈ ਹੇਠ ਡੀ.ਸੀ ਸੰਗਰੂਰ ਸੰਦੀਪ ਰਿਸ਼ੀ ਅਤੇ ਓ.ਐਸ.ਡੀ ਵਿੱਤ ਮੰਤਰੀ ਐਡਵੋਕੇਟ ਤਪਿੰਦਰ ਸਿੰਘ ਸੋਹੀ ਨੂੰ ਮਿਲਿਆ ਅਤੇ ਮੰਗ ਪੱਤਰ ਵੀ ਸੌਂਪਿਆ ਸੀ।
ਜਿਸ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਦੀ ਮੰਗ ਵੀ ਕੀਤੀ ਸੀ, ਪਰ ਮੰਗਾਂ ਜਾਇਜ਼ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ।
ਉਧਰ ਸਿੱਖਿਆ ਵਿਭਾਗ ਨੇ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਕੋਹਾਂ ਦੂਰ ਜਾਂਦੇ ਹੋਏ ਏਡਿਡ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਅਰਥਹੀਣ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਹੱਲ ਨਾ ਕੀਤਾ ਤਾਂ 9 ਅਕਤੂਬਰ 2024 ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਭਰ ਦੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰਨ ਵਾਲੇ, ਅਧਿਆਪਕ, ਹੋਰ ਕਰਮਚਾਰੀ ਅਤੇ ਸਾਰੇ ਪੈਨਸ਼ਨਰ ਹਿੱਸਾ ਲੈਣਗੇ।
ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਸੂਬਾ ਕੋਆਰਡੀਨੇਟਰ ਐਬਿਟ ਮਸੀਹ, ਪਰਮਜੀਤ ਸਿੰਘ ਗੁਰਦਾਸਪੁਰ, ਸਾਹਬੀ ਕਾਦੀਆਂ, ਸੰਜੀਵ ਗੁਰਦਾਸਪੁਰ, ਸੁਖਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਭੁੱਲਰ, ਰਵਿੰਦਰਜੀਤ ਪੁਰੀ, ਚਰਨਜੀਤ ਸਿੰਘ ਬਰਨਾਲਾ, ਅਵਤਾਰ ਸਿੰਘ ਬਰਾੜ, ਮਿਸ਼ਰਾ ਸਿੰਘ ਮਰਾਹੜ, ਜਗਜੀਤ ਸਿੰਘ ਗੁਜਰਾਲ, ਅਜੈ ਚੌਹਾਨ, ਜਸਵਿੰਦਰ ਸਿੰਘ ਅੰਮ੍ਰਿਤਸਰ, ਪ੍ਰਿੰ. ਸਵਰਨਜੀਤ ਕੌਰ, ਪ੍ਰਿੰ. ਗੀਤਾ ਰਾਣੀ, ਰਣਜੀਤ ਸਿੰਘ ਆਨੰਦਪੁਰ ਸਾਹਿਬ, ਪਰਵੀਨ ਕੁਮਾਰ ਮੋਗਾ, ਸੁਨੀਲ ਫਰੀਦਕੋਟ, ਜਗਮੋਹਨ ਕਪੂਰਥਲਾ, ਅਸ਼ਵਨੀ ਮਦਾਨ, ਅਨਿਲ ਭਾਰਤੀ, ਹਰਵਿੰਦਰ ਪਾਲ ਪਟਿਆਲਾ, ਪ੍ਰਿੰ: ਜਸਬੀਰ ਸਿੰਘ ਖਰੜ, ਦਲਜੀਤ ਸਿੰਘ ਖਰੜ, ਯਾਦਵਿੰਦਰ ਕੁਰਾਲੀ, ਪ੍ਰਿੰ. ਰਜਿੰਦਰ ਕੁਮਾਰ, ਸੰਦੀਪ ਕਾਲੀਆ ਨਵਾਂਸ਼ਹਿਰ, ਸਤੀਸ਼ ਰਾਣਾ ਮੋਗਾ, ਸੰਜੀਵ ਪਠਾਨਕੋਟ, ਸੰਜੀਵ ਜਲੰਧਰ, ਜੋਗਿੰਦਰ ਜਲੰਧਰ, ਮੈਡਮ ਕੁਸਮ ਨਾਭਾ, ਹਰਜੀਤ ਸਿੰਘ, ਕਰਮਜੀਤ ਸਿੰਘ ਰਾਣੋ, ਭੀਮ ਸੇਨ, ਸੁਰਿੰਦਰ ਵਾਲੀਆ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਲੁਧਿਆਣਾ, ਪ੍ਰਿੰ. ਹਰਜਿੰਦਰ ਸਿੰਘ ਗੁਰਦਾਸਪੁਰ, ਪ੍ਰਿੰ. ਰਾਜੀਵ ਸ਼ਰਮਾਂ ਫਾਜ਼ਿਲਕਾ, ਸ਼੍ਰੀਕਾਂਤ ਬਠਿੰਡਾ, ਗੁਲਾਬ ਸਿੰਘ ਮੁਕਤਸਰ, ਪ੍ਰਿੰਸ ਕਰਮਜੀਤ ਸਿੰਘ ਮਾਨਸਾ ਆਦਿ ਨੇ ਵੀ ਮਹਾਂ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਆਪੋ-ਆਪਣੇ ਜ਼ਿਲੇ ਤੋਂ ਵੱਡੀ ਗਿਣਤੀ ‘ਚ ਪਹੁੰਚਣ ਵਾਲੇ ਸਾਥੀਆਂ ਬਾਰੇ ਅਤੇ ਆਪੋ-ਆਪਣੇ ਜ਼ਿਲਿਆਂ ‘ਚ ਕੀਤੀ ਗਈ ਤਿਆਰੀਆਂ ਦੀ ਜਾਣਕਾਰੀ ਦਿੱਤੀ।