ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਰਾਵਨਰੂਪੀ ਪੁਤਲਾ
ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ: ਕਮੇਟੀ ਆਗੂ
ਪੰਜਾਬ ਨੈੱਟਵਰਕ, ਲਹਿਰਾ ਮੁਹੱਬਤ
ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਨਾ ਕਰਨ ਦੇ ਵਿਰੋਧ ਵਜੋਂ ‘ਦੁਸਹਿਰੇ’ ਦੇ ਤਿਉਹਾਰ ਮੌਕੇ ਪਲਾਂਟ ਦੇ ਮੁੱਖ ਗੇਟ ਤੇ ਰੋਸ਼ ਰੈਲੀ ਕਰਕੇ ‘ਪੰਜਾਬ ਸਰਕਾਰ’ ਦਾ ਰਾਵਨਰੂਪੀ ਪੁਤਲਾ ਫੂਕਿਆ।
ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਜਗਸੀਰ ਸਿੰਘ ਭੰਗੂ, ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਸਮੁੱਚੇ ਪਾਵਰਕਾਮ ਅਤੇ ਟ੍ਰਾਂਸਕੋ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਸਮੇਤ ਹੋਰ ਸਮੂਹ ਮੰਗਾਂ ਨੂੰ ਪ੍ਰਵਾਨ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ।
ਜਦੋਂ ਕਿ ਸਮੁੱਚੇ ਵਿਭਾਗ ਵਿੱਚ ਸਮੇਤ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ,ਗਰਿੱਡਾਂ,ਦਫਤਰਾਂ,ਸਟੋਰਾਂ ਅਤੇ ਸਮੁੱਚੇ ਫੀਲਡ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਇਹਨਾਂ ਉਕਤ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਕੰਪਨੀਆਂ ਰਾਹੀਂ ਬਕਾਇਦਾ ਖਾਲੀ ਪਈਆਂ ਅਸਾਮੀਆਂ ਦੇ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਵਿਭਾਗ ਵਿੱਚ ਸਾਲਾਂ-ਬੱਧੀ ਕੰਮ ਕਰਨ ਦਾ ਤਜ਼ਰਬਾ ਵੀ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਪੱਕੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ।
ਪਰ ਪੰਜਾਬ ਦੀ ‘ਆਪ ਸਰਕਾਰ’ ਪਿਛਲੀਆਂ ਸਰਕਾਰਾਂ ਦੀ ਤਰਾਂ ਹੀ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਠੇਕਾ ਮੁਲਾਜ਼ਮਾਂ ਨਾਲ਼ ਧ੍ਰੋਹ ਕਮਾ ਰਹੀ ਹੈ,ਜਿਸ ਦੇ ਵਿਰੋਧ ਵਜੋਂ ਅੱਜ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਨੇਕੀ ਅਤੇ ਬਦੀ ਦੇ ਪ੍ਰਤੀਕ ‘ਦੁਸਹਿਰੇ’ ਦੇ ਤਿਉਹਾਰ ਮੌਕੇ ‘ਪੰਜਾਬ ਸਰਕਾਰ’ ਦਾ ਰਾਵਨਰੂਪੀ ਪੁਤਲਾ ਫੂਕਿਆ ਗਿਆ ਹੈ।
ਇਸ ਸਮੇਂ ਹਾਜ਼ਿਰ ਆਗੂਆਂ ਨੇ ‘ਪੰਜਾਬ ਸਰਕਾਰ’ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਬਿਜਲੀ ਕਾਨੂੰਨ 2003/2022 ਨੂੰ ਰੱਦ ਕੀਤਾ ਜਾਵੇ,ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗ ਵਿੱਚ ਪੱਕਾ ਕੀਤਾ ਜਾਵੇ,ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ 1948/ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਗੁਜ਼ਾਰੇਯੋਗ ਤਨਖਾਹ ਨਿਸ਼ਚਿਤ ਕੀਤੀ ਜਾਵੇ,ਚਿੱਪਾਂ ਵਾਲੇ ਮੀਟਰ ਲਾਉਣ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰ ਸਮੂਹ ਮੰਗਾਂ ਨੂੰ ਜਲਦ ਪ੍ਰਵਾਨ ਕੀਤਾ ਜਾਵੇ।