ਪੰਜਾਬ ਦੇ ਸਿੱਖਿਆ ਤੰਤਰ ਦਾ ਬੇੜਾ ਗਰਕ ਕਰਨ ‘ਚ ‘ਆਪ ਸਰਕਾਰ’ ਵੱਡਾ ਰੋਲ! ਅਧਿਆਪਕਾਂ ਨੇ ਕਿਹਾ- ਦੇਵਾਂਗੇ ਮੂੰਹ ਤੋੜਵਾਂ ਜਵਾਬ
ਪੰਜਾਬ ਨੈੱਟਵਰਕ, ਮੋਹਾਲੀ-
ਪੰਜਾਬ ਦੇ ਸਿੱਖਿਆ ਤੰਤਰ ਦਾ ਬੇੜਾ ਗਰਕ ਕਰਨ ਵਿੱਚ ਪੰਜਾਬ ਦੀ ਆਪ ਸਰਕਾਰ ਇੱਕ ਵੱਡਾ ਰੋਲ ਅਦਾ ਕਰ ਰਹੀ ਹੈ। ਵੈਸੇ ਤਾਂ ਸ਼ੁਰੂ ਤੋਂ ਹੀ ਖਾਸ ਤੌਰ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦੋਰ ਤੋਂ ਲਗਾਤਾਰ ਅਜਿਹੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ। ਜਿਸ ਨਾਲ ਸਿੱਖਿਆ ਦਾ ਲਗਾਤਾਰ ਘਾਣ ਹੋ ਰਿਹਾ ਹੈ ਦਿਖਾਵੇ ਲਈ 100% ਨਤੀਜਿਆਂ ਦਾ ਦੌਰ ਲਗਾਤਾਰ ਜਾਰੀ ਹੈ।
ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਮਿਆਰੀ ਸਿੱਖਿਆ ਦੀ ਜਗ੍ਹਾ ਦੀ ਡੰਗ ਸਾਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਅਧਿਆਪਕ ਨੂੰ ਲਗਾਤਾਰ ਵੱਖ-ਵੱਖ ਢੰਗਾਂ ਨਾਲ ਉਲਝਾ ਕੇ ਖਾਸ ਤੌਰ ਤੇ ਪਿੰਡਾਂ ਵਿੱਚੋਂ ਪੋਸਟਾਂ ਨੂੰ ਲਗਾਤਾਰ ਨਾ ਭਰ ਕੇ ਖਾਤਮਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਜਦ ਵੀ ਸਰਕਾਰਾਂ ਕਿਸੇ ਜਨਤਕ ਅਦਾਰੇ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤਾਂ ਪਹਿਲਾਂ ਉਸ ਵਿੱਚੋਂ ਲਗਾਤਾਰ ਪੋਸਟਾਂ ਨਹੀਂ ਭਰੀਆਂ ਜਾਂਦੀਆਂ ਅਤੇ ਫਿਰ ਇਹਨਾਂ ਜਨਤਕ ਅਦਾਰਿਆਂ ਨੂੰ ਬਦਨਾਮ ਕੀਤਾ ਜਾਂਦਾ ਹੈ ਅਤੇ ਹੌਲੀ ਹੌਲੀ ਇਹਨਾਂ ਦਾ ਭੋਗ ਪਾਇਆ ਜਾਂਦਾ ਹੈ। ਪੰਜਾਬ ਵਿੱਚ ਵੀ ਅਜਿਹਾ ਦੌਰ ਜਾਰੀ ਹੈ।
ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਬਲਾਕ ਪੱਧਰੀ ਖੇਡਾਂ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਦੀਆਂ ਫਿਰ ਸੈਮੀਨਾਰ ਸਤੰਬਰ ਟੈਸਟ ਫਿਰ ਚੋਣਾਂ ਤੇ ਚੋਣਾਂ ਤੋਂ ਇੱਕਦਮ ਬਾਅਦ ਪੀਟੀਐਮ ਦਾ ਰੱਖ ਦੇਣਾ ਅਧਿਆਪਕ ਵਰਗ ਦੇ ਨਾਲ ਅਨਿਆ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵੱਲੋਂ ਸਮੇਂ ਸਿਰ ਫੈਸਲੇ ਨਾ ਲਏ ਜਾਣਾ ਅਧਿਆਪਕਾਂ ਨੂੰ ਪੱਕੇ ਕਰਨ ਵਾਲੀਆਂ ਨੀਤੀਆਂ ਤੋਂ ਟਾਲਾ ਵੱਟਣਾ ਕੰਪਿਊਟਰ ਅਧਿਆਪਕਾਂ ਦਾ ਲਗਾਤਾਰ ਸੰਘਰਸ਼ ਕੁਝ ਅਜਿਹੇ ਮੁੱਦੇ ਨੇ ਜਿਹੜੇ ਲੰਮੇ ਸਮੇਂ ਤੋਂ ਹੱਲ ਨਹੀਂ ਹੋ ਰਹੇ।
ਇਸੇ ਤਰ੍ਹਾਂ ਵੱਖ-ਵੱਖ ਵਰਗਾਂ ਦੀਆਂ ਸੀਨਿਆਰਤਾਂ ਦਾ ਕੋਈ ਹੱਲ ਨਾ ਹੋਣ ਕਾਰਨ ਜੂਨੀਅਰ ਪ੍ਰਮੋਟ ਹੋਈ ਜਾ ਰਹੇ ਨੇ ਅਤੇ ਸੀਨੀਅਰ ਬਿਨਾਂ ਤਰੱਕੀਆਂ ਤੋਂ ਵਾਪਸ ਘਰ ਜਾ ਰਹੇ ਨੇ। ਅਜੇਹੇ ਦੌਰ ਵਿੱਚ ਅਧਿਆਪਕ ਨਿਰਾਸ਼ਤਾ ਦੇ ਆਲਮ ਵਿੱਚ ਹਨ ਅਤੇ ਲਗਾਤਾਰ ਵੱਖ-ਵੱਖ ਡਿਊਟੀਆਂ ਦਾ ਬੋਝ ਉਹਨਾਂ ਉੱਤੇ ਪਾ ਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਲਈ ਅੱਜ ਡੀਟੀਐਫ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਆਪ ਸੁਪਰੀਮੋ ਕੇਜਰੀਵਾਲ ਦਾ ਪੁਤਲਾ ਫੂਕਿਆ ਜਾ ਰਿਹਾ ਹੈ।