ਆਪਣਾ ਮੂਲੁ ਪਛਾਣੁ
ਇਹ ਗੱਲ ਕੋਈ ਨਵੀਂ ਨਹੀਂ ਹੈ। ਜਦੋਂ ਦਾ ਮਨੁੱਖ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਇਹ ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਇਨਸਾਨ ਅੰਦਰ ਭਗਵਾਨ ਵਸਦਾ ਹੈ ਤਾਂ ਉੱਥੇ ਹੀ ਇੱਕ ਸ਼ੈਤਾਨ ਵੀ ਵੱਸਦਾ ਹੈ। ਜਿਹੜਾ ਮਨੁੱਖ ਨੂੰ ਭਗਵਾਨ ਦੇ ਉਲਟ ਕੰਮ ਕਰਨ ਲਈ ਉਕਸਾਉਂਦਾ ਰਹਿੰਦਾ ਹੈ।
ਕਈ ਵਾਰ ਇਨਸਾਨ ਕੁਝ ਫੈਸਲੇ ਦਿਲ ਤੋਂ ਲੈਂਦਾ ਹੈ ਅਤੇ ਕੁਝ ਦਿਮਾਗ ਤੋਂ ਪਰ ਅਸਲ ਵਿੱਚ ਦਿਲ ਸੋਚਦਾ ਨਹੀਂ ਸਾਰਾ ਕੰਮ ਦਿਮਾਗ ਦਾ ਹੀ ਹੁੰਦਾ ਹੈ ਅਕਸਰ ਹੀ ਮਨੁੱਖ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਮਨਘੜਤ ਕਹਾਣੀ ਰਚਦਾ ਹੈ ਜਿਹੜੀ ਉਹ ਦੁਨੀਆ ਅੱਗੇ ਪੇਸ਼ ਕਰਦਾ ਹੈ ਜੋ ਸੱਚ ਨਹੀਂ ਹੁੰਦੀ।
ਹਾਂ, ਉਹ ਸੱਚ ਸਿਰਫ ਮਨੁੱਖ ਹੀ ਜਾਣਦਾ ਹੁੰਦਾ ਹੈ ਅਤੇ ਉਸ ਦੇ ਅੰਦਰ ਵੱਸਦਾ ਹੋਇਆ ਭਗਵਾਨ ਵੀ। ਸਭ ਤੋਂ ਵੱਧ ਛਲ ਕਪਟ ਕੋਈ ਵੀ ਮਨੁੱਖ ਆਪਣੇ ਆਪ ਨਾਲ ਕਰਦਾ ਹੈ।
ਸਾਨੂੰ ਇਹ ਜਾਪਦਾ ਹੈ ਕਿ ਅਸੀਂ ਕਿਸੇ ਦੂਸਰੇ ਨੂੰ ਝੂਠ ਦੱਸ ਕੇ ਉਸਨੂੰ ਮੂਰਖ ਬਣਾ ਦਿੱਤਾ ਪਰ ਮੂਰਖ ਉਹ ਇਨਸਾਨ ਖੁਦ ਹੁੰਦਾ ਹੈ ਜੋ ਝੂਠ ਬੋਲ ਰਿਹਾ ਹੁੰਦਾ ਹੈ ਕਿਉਂਕਿ ਉਹ ਦੁਨੀਆ ਨੂੰ ਤਾਂ ਮੂਰਖ ਬਣਾ ਸਕਦਾ ਹੈ, ਪਰ ਆਪਣੇ ਅੰਦਰ ਵਸਦੇ ਭਗਵਾਨ ਨੂੰ ਨਹੀਂ।
ਇਸ ਭੱਜਾ ਨੱਠੀ ਦੇ ਦੌਰ ਵਿੱਚ ਇਨਸਾਨ ਦੇ ਅੰਦਰ ਅਨੇਕਾਂ ਹੀ ਉਥਲ ਪੁਥਲ ਹੁੰਦੀਆਂ ਹਨ ਜਿਸ ਵਿੱਚ ਸਹੀ ਗਲਤ ਦਾ ਫੈਸਲਾ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਸਾਡੇ ਕੋਲ ਐਨਾ ਵੀ ਸਮਾਂ ਨਹੀ ਹੁੰਦਾ ਕਿ ਅਸੀ ਇੱਕ ਪਲ ਆਪਣੇ ਅੰਦਰ ਝਾਤ ਮਾਰ ਸਕੀਏ।
ਅੱਜ ਦਾ ਮਨੁੱਖ ਐਨਾ ਸਵਾਰਥੀ ਹੋ ਗਿਆ ਹੈ ਕਿ ਸਿਰਫ ਆਪਣਾ ਫਾਇਦਾ ਸੋਚਦਾ ਹੈ। ਭਾਵੇਂ ਉਹ ਚੀਜ਼ ਕਿਸੇ ਲਈ ਗਲਤ ਹੀ ਕਿਉਂ ਨਾ ਹੋਵੇ। ਪਰ ਇਹ ਗੱਲ ਕਦੇ ਨਹੀ ਭੁੱਲਣੀ ਚਾਹੀਦੀ ਕਿ ਅਸੀ ਕਿਸੇ ਦੇ ਰਾਹਾਂ ਵਿੱਚ ਕੰਢੇ ਵਿਛਾ ਕੇ ਖ਼ੁਦ ਫੁੱਲਾਂ ਦੇ ਹੱਕਦਾਰ ਹੋ ਹੀ ਨਹੀ ਸਕਦੇ।
ਇਹ ਸਭ ਦੇਖ ਕੇ ਲੱਗਦਾ ਹੈ ਕਿ ਸਮੁੱਚਾ ਸੰਸਾਰ ਸੱਚ ਮੁੱਚ ਹੀ ਕਾਦਰ ਦਾ ਰਚਿਆ ਇੱਕ ਖੇਲ ਤਮਾਸ਼ਾ ਹੈ। ਜਿਵੇਂ ਪਰਦੇ ਤੇ ਕੋਈ ਫਿਲਮ ਚਲ ਰਹੀ ਹੋਵੇ। ਇਰਦ ਗਿਰਦ ਨਿਗ੍ਹਾ ਮਾਰਿਆਂ ਇਸ ਵਿੱਚ ਅਨੇਕ ਤਰਾਂ ਦੀਆਂ ਕਹਾਣੀਆਂ ਹਰ ਪਲ ਵਾਪਰ ਰਹੀਆਂ ਹਨ, ਅਣਗਿਣਤ ਕਲਾਕਾਰ ਭਾਂਤ ਭਾਂਤ ਦੀਆਂ ਬੋਲੀਆਂ ਵਿੱਚ ਹਿੱਸਾ ਲੈ ਰਹੇ ਹਨ, ਅਨੇਕ ਤਰਾਂ ਦੇ ਦ੍ਰਿਸ਼ ਤੇ ਕੌਤਕ,ਪਰਦੇ ਤੇ ਨਹੀ ਬਲਿਕੇ, ਪ੍ਰਤੱਖ ਵਾਪਰ ਰਹੇ ਹਨ।
ਗੌਰ ਨਾਲ ਵੇਖਿਆਂ ਪਤਾ ਚਲੇਗਾ ਕਿ ਹਰ ਮਨੁੱਖ ਆਪਣੀ ਆਪਣੀ ਭੁਮਿਕਾ ਵਿੱਚ ਕਿੰਨਾ ਮਸ਼ਰੂਫ਼ ਹੈ। ਹਰ ਮਨੁੱਖ ਨੂੰ ਜ਼ਿੰਦਗੀ ਦੀ ਭੁਮਿਕਾ ਨਿਭਾਉਂਦਿਆਂ ਆਪਣੀ ਅਸਲੀਅਤ ਨੂੰ ਨਹੀ ਭੁਲਣਾ ਚਾਹੀਦਾ।
ਜੋ ਮਨੁੱਖ ਆਪਣੀ ਅਸਲੀਅਤ ਨੂੰ ਭੁਲਾ ਕੇ ਕੇਵਲ ਦੁਨਿਆਵੀ ਅਦਾਕਾਰੀ ਦੀ ਭੁਮਿਕਾ ਵਿੱਚ ਹੀ ਰੁੱਝ ਜਾਂਦਾ ਹੈ ਉਹ ਫਿਰ ਅਨੇਕ ਦੁੱਖਾਂ ਮੁਸੀਬਤਾਂ ਦੀ ਉਲਝਣ ਵਿੱਚ ਫਸ ਜਾਂਦਾ ਹੈ। ਗੁਰੂ ਮਨੁੱਖ ਨੂੰ ਆਪਣੀ ਅਸਲੀਅਤ ਸਮਝਣ, ਜਾਨਣ, ਜਾਂ ਪਛਾਨਣ ਲਈ ਸੁਚੇਤ ਕਰਦਾ ਹੈ। ਸੋ ਹਰ ਮਨੁੱਖ ਨੂੰ ਉਸ ਪੂਰੇ ਗੁਰੂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਆਪ ਨੂੰ ਪਛਾਣਿਆ ਜਾ ਸਕੇ।
ਤੇਜਿੰਦਰ ਸਿੰਘ
ਡੀ ਪੀ ਈ
ਪਿੰਡ ਮੱਲਣ
7087511109