ਪ੍ਰੋ. ਜੀ.ਐਨ. ਸਾਈ ਬਾਬਾ ਦੇ ਵਿਛੋੜੇ ‘ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਦੁੱਖ ਦਾ ਪ੍ਰਗਟਾਵਾ, ਸਿਆਸੀ, ਸਮਾਜਿਕ ਕਾਰਕੁੰਨ ਅਤੇ ਬੁੱਧੀਜੀਵੀ ਰਿਹਾਅ ਕੀਤੇ ਜਾਣ
ਸਿਆਸੀ, ਸਮਾਜਿਕ ਕਾਰਕੁੰਨ ਅਤੇ ਬੁੱਧੀਜੀਵੀ ਰਿਹਾਅ ਕੀਤੇ ਜਾਣ: ਇਨਕਲਾਬੀ ਕੇਂਦਰ ਪੰਜਾਬ
ਦਲਜੀਤ ਕੌਰ, ਚੰਡੀਗੜ੍ਹ
ਸਿਆਸੀ ਚਿੰਤਕ, ਲੇਖਕ, ਜਮਹੂਰੀ ਕਾਰਕੁੰਨ, ਦੱਬੇ-ਕੁਚੱਲੇ ਲੋਕਾਂ ਨੂੰ ਹਰ ਵੰਨਗੀ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਕੇ ਨਵਾਂ, ਲੋਕਪੱਖੀ, ਬਰਾਬਰਤਾ ਵਾਲਾ ਪ੍ਰਬੰਧ ਦੀ ਸਿਰਜਣਾ ਲਈ ਜੂਝਣ ਵਾਲੇ ਪ੍ਰੋ. ਜੀ.ਐਨ. ਸਾਈ ਬਾਬਾ ਦੇ ਦਰਦਨਾਕ ਸਦੀਵੀ ਵਿਛੋੜੇ ‘ਤੇ ਇਨਕਲਾਬੀ ਕੇਂਦਰ, ਪੰਜਾਬ ਨੇ ਉਨ੍ਹਾਂ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ਼ ‘ਚ ਸ਼ਰੀਕ ਹੁੰਦਿਆਂ ਉਹਨਾਂ ਦੀ ਮੌਤ ਨੂੰ ‘ਸੰਸਥਾਗਤ ਢਾਂਚੇ ਵੱਲੋਂ ਕੀਤੇ ਗਏ ਕਤਲ’ ਦਾ ਨਾਂਅ ਦਿੱਤਾ ਹੈ।
ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਲੰਮਾ ਅਰਸਾ ਮੌਤ ਦੀ ਗੋਦ ਵਿੱਚ ਜਕੜਨ ਵਰਗੀਆਂ ਸ਼ਰਮਨਾਕ ਹਾਲਤਾਂ ਵਿੱਚ ਜੇਲ੍ਹ ਅੰਦਰ ਤਿਲ਼ ਤਿਲ਼ ਕਰਕੇ ਮੌਤ ਮੂੰਹ ਧੱਕਣ ਬਾਰੇ ਜੇਲ੍ਹ ਤੋਂ ਬਾਹਰ ਆ ਕੇ ਦਿੱਤੇ ਹਲਫ਼ੀਆ ਬਿਆਨ ਵਿੱਚ ਸਾਈ ਬਾਬਾ ਨੇ ਕਿਹਾ ਸੀ ਕਿ,”ਨਾਗਪੁਰ ਜੇਲ੍ਹ ‘ਚੋਂ ਬਾਹਰ ਆਇਆ ਮੇਰਾ ਹੱਡੀਆਂ ਦੀ ਮੁੱਠ ਬਣਿਆਂ ਸਰੀਰ ਹੀ ਦਿਖਾਈ ਦਿੰਦਾ ਹੈ, ਅਣਮਨੁੱਖੀ ਹਾਲਤਾਂ, ਸਰੀਰਕ ਅਤੇ ਮਾਨਸਿਕ ਤਸ਼ੱਦਦ ਸਦਕਾ ਮੇਰੇ ਕਈ ਅੰਗ ਤਕਰੀਬਨ ਖ਼ਤਮ ਹੋ ਚੁੱਕੇ ਹਨ।” ਆਗੂਆਂ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਦੇ ਮਾਨਵ ਵਿਰੋਧੀ ਹਾਲਾਤ, ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਪ੍ਰੋ. ਸਾਈ ਬਾਬਾ ਨੂੰ ਸਾਡੇ ਕੋਲੋਂ ਖੋਹਣ ਦੇ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਸਮਾਜਕ ਅਤੇ ਜਮਹੂਰੀ ਲਹਿਰ ਦੀ ਬੁਲੰਦ ਆਵਾਜ਼ ਫਾਦਰ ਸਟੈਨ ਸੁਆਮੀ ਅਤੇ ਭਰ ਜੁਆਨ ਆਦਿਵਾਸੀ ਕਾਰਕੁੰਨ ਪਾਂਡੂ ਨਰੋਟੇ ਵੀ ਨੂੰ ਵੀ ਇਸੇ ਤਰਜ਼ ‘ਤੇ ਜੇਲ੍ਹ ਦੀਆਂ ਕਾਲ ਕੋਠੜੀਆਂ ਅੰਦਰ ਡੱਕ ਕੇ ਮੌਤ ਦੇ ਮੂੰਹ ਧੱਕ ਦਿੱਤਾ। ਯਾਦ ਰਹੇ ਕਿ ਪ੍ਰੋ ਜੀ ਐਨ ਸਾਈਬਾਬਾ ਸ਼ੁਰੂ ਤੋਂ ਹੀ ਅਧਰੰਗ ਦੇ ਮਰੀਜ਼ ਤੇ ਸਰੀਰ ਪੱਖੋਂ 90% ਅਸਮਰਥ ਸਨ। ਇਸ ਕਾਰਨ ਉਹ ਵੀਲ੍ਹਚੇਅਰ ਦੀ ਵਰਤੋਂ ਕਰਦੇ ਸਨ। ਮਾਓਵਾਦੀਆਂ ਨਾਲ ਸੰਬੰਧਾਂ ਦੇ ਇਲਜ਼ਾਮ ਵਿੱਚ UAPA ਅਧੀਨ 2014 ਵਿੱਚ ਗ੍ਰਿਫ਼ਤਾਰ ਕੀਤੇ ਗਏ। ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 8 ਸਾਲ ਬਾਅਦ ਬੰਬੇ ਹਾਈ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਪਰ 24 ਘੰਟਿਆਂ ਦੇ ਅੰਦਰ ਹੀ ਸੁਪਰੀਮ ਕੋਰਟ ਨੇ ਫੈਸਲਾ ਉਲਟ ਦਿੱਤਾ। ਆਖਰ ਇਸ ਸਾਲ ਮਾਰਚ ਵਿੱਚ ਬੰਬੇ ਹਾਈ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕੀਤਾ ਸੀ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਕਾਲ਼ੇ ਕਾਨੂੰਨਾਂ ਦਾ ਮੱਕੜ ਜਾਲ ਵਿਛਾਇਆ ਜਾ ਰਿਹਾ ਹੈ, ਜਿਵੇਂ ਜੇਲ੍ਹਾਂ ਅੰਦਰ ਸਿਆਸੀ, ਜਮਹੂਰੀ, ਸਮਾਜਕ ਖੇਤਰ ਦੇ ਬੁੱਧੀਜੀਵੀਆਂ ਨਾਲ ਜਾਨ ਲੇਵਾ ਵਰਤਾਅ ਕੀਤਾ ਜਾ ਰਿਹਾ ਹੈ, ਭਵਿੱਖ਼ ਵਿੱਚ ਸਾਈ ਬਾਬਾ ਦੇ ਵਿਛੋੜੇ ਵਰਗੀਆਂ ਹੋਰ ਵੀ ਦੁਖ਼ਦਾਈ ਖ਼ਬਰਾਂ ਸੁਣਨ ਨੂੰ ਮਿਲਣ, ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਹੁਣੇ ਤੋਂ ਹੀ ਸੁਚੇਤ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਕਰਨ ਲਈ ਅੱਗੇ ਆਉਣਾ ਹੋਵੇਗਾ। ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸਭਨਾਂ ਬੁੱਧੀਜੀਵੀਆਂ, ਸਮਾਜਕ, ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਅਤੇ ਜਮਹੂਰੀ ਆਵਾਜ਼ ਦਾ ਗਲਾ ਘੁੱਟਣਾ ਬੰਦ ਕੀਤਾ ਜਾਏ।