ਵੱਡੀ ਖ਼ਬਰ: PGI ਚੰਡੀਗੜ੍ਹ ‘ਚ ਡਾਕਟਰਾਂ ਨੇ ਹੜਤਾਲ ਕੀਤੀ ਮੁਲਤਵੀ
ਚੰਡੀਗੜ੍ਹ
ਪੀਜੀਆਈ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਹੜਤਾਲ ਮੁਲਤਵੀ ਕਰ ਦਿੱਤੀ ਹੈ। ਸੰਸਥਾ ਦੇ ਪ੍ਰਧਾਨ ਡਾ: ਹਰੀਹਰਨ ਨੇ ਦੱਸਿਆ ਕਿ ਇਹ ਫ਼ੈਸਲਾ ਰਾਸ਼ਟਰੀ ਪੱਧਰ ‘ਤੇ ਹੋਈ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਲਿਆ ਗਿਆ ਹੈ|
ਜਿਸ ਵਿੱਚ ਅਗਲੀ ਹਦਾਇਤਾਂ ਤੱਕ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਫਿਲਹਾਲ ਅਸੀਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ। ਪਰ ਮਰੀਜਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ।
ਹਾਲਾਂਕਿ ਹਸਪਤਾਲ ਦੇ ਸੇਵਾਦਾਰਾਂ, ਰਸੋਈ ਦੇ ਕਰਮਚਾਰੀਆਂ, ਸਫ਼ਾਈ ਕਰਮਚਾਰੀਆਂ ਅਤੇ ਅਹੁਦੇਦਾਰਾਂ ਦੀ ਹੜਤਾਲ ਅਜੇ ਵੀ ਜਾਰੀ ਹੈ। ਠੇਕਾ ਕਾਮਿਆਂ ਦੀਆਂ ਵੱਖ-ਵੱਖ ਯੂਨੀਅਨਾਂ ਦੀ ਹੜਤਾਲ ਵਿਰੁੱਧ ਪੀਜੀਆਈ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਪੀਜੀਆਈ ਨੇ ਕੁਝ ਦਿਨ ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਠੇਕਾ ਕਰਮਚਾਰੀਆਂ ਦੇ ਬਕਾਏ ਜਾਰੀ ਕਰਨ ਲਈ ਪੱਤਰ ਲਿਖਿਆ ਸੀ, ਹੁਣ ਇਸ ਮਾਮਲੇ ਵਿੱਚ ਮੰਤਰਾਲੇ ਦਾ ਜਵਾਬ ਆਇਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਫੰਡ ਜਾਰੀ ਕਰਨ ‘ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਦੁਜੇ ਪਾਸੇ, ਪੀਜੀਆਈ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਦਾ ਕੋਈ ਖਾਸ ਅਸਰ ਨਹੀਂ ਹੋਇਆ ਕਿਉਂਕਿ 1300 ਰੈਜ਼ੀਡੈਂਟ ਡਾਕਟਰਾਂ ਵਿੱਚੋਂ 80% ਤੋਂ ਵੱਧ ਡਿਊਟੀ ‘ਤੇ ਸਨ।
ਇਸ ਦੇ ਦੂਸਰੇ ਬੰਨ੍ਹੇ ਵੇਖੀਏ ਤਾਂ, ਪਿਛਲੇ ਛੇ ਦਿਨਾਂ ਤੋਂ ਠੇਕਾ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਦੂਜੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।