ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ 27 ਅਕਤੂਬਰ ਨੂੰ ਬਰਨਾਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਲਾਰਿਆਂ ਤੋਂ ਤੰਗ ਆ ਕੇ ਕੀਤਾ ਜਾਵੇਗਾ ਸਾਰੀਆਂ ਹੀ ਵਿਧਾਨ ਸਭਾ ਸੀਟਾਂ ਤੇ ਰੋਸ ਪ੍ਰਦਰਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਨੇ ਆਪਣੇ ਸੰਘਰਸ਼ ਦੀ ਲਗਾਤਾਰਤਾ ਵਿੱਚ ਕਦਮ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਮਨੀ ਚੋਣ ਵਿੱਚ 27 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਫਰੰਟ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਫਰੰਟ ਦੀਆਂ ਜਿੰਨੀਆਂ ਵੀ ਮੀਟਿੰਗਾਂ ਵਿੱਤ ਮੰਤਰੀ ਪੰਜਾਬ ਅਤੇ ਵਿੱਤ ਵਿਭਾਗ ਨਾਲ ਹੋਈਆਂ,ਸਭ ਲਾਰੇ ਹੀ ਸਾਬਿਤ ਹੋਈਆਂ।
ਇੰਨ੍ਹਾਂ ਮੀਟਿੰਗਾਂ ਵਿੱਚ ਅਜੇ ਤੱਕ ਪੰਜਾਬ ਸਰਕਾਰ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਵੱਖ ਵੱਖ ਵਿਭਾਗਾਂ ਵਿੱਚ ਮੁਲਾਜਮਾਂ ਪ੍ਰਤੀ ਸੁਹਿਰਦ ਦਿਖਾਈ ਨਹੀਂ ਦੇ ਰਹੀ। ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਲਈ ਘਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਿਲ ਹੈ। ਜਿਸ ਦੇ ਚਲਦਿਆਂ ਇਨ੍ਹਾਂ ਅਧੂਰੇ ਸਕੇਲਾ ਤੋਂ ਪੀੜਤ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਬਹੁਤ ਜਿਆਦਾ ਰੋਹ ਹੈ। ਫਰੰਟ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਤਾ ਵਿੱਚ ਆਉਣ ਤੋਂ ਪਹਿਲਾਂ ਵਾਲੇ ਆਪਣੇ ਵਾਅਦੇ ਅਤੇ ਗ੍ਰੰਟੀਆਂ ਨੂੰ ਪੂਰਾ ਕਰਨ।
ਜਿੱਥੇ ਪੰਜਾਬ ਦੇ ਸਾਰੇ ਮੁਲਾਜਮਾਂ ਤੇ DA ਕੇਂਦਰ ਨਾਲੋਂ 12% ਘੱਟ ਚੱਲ ਰਿਹਾ ਹੈ,ਓਥੇ ਹੀ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ 15 ਹਜ਼ਾਰ ਦਾ ਘੱਟੋ-ਘੱਟ ਹਰ ਮਹੀਨੇ ਬੇਸਿਕ ਤਨਖਾਹ ਵੀ ਘੱਟ ਹਾਸਿਲ ਕਰ ਰਹੇ ਹਨ। ਜੇਕਰ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਪੇਅ ਸਕੇਲ ਬਹਾਲ ਕਰਨ ਲਈ ਵਚਨਬੱਧ ਨਹੀਂ ਹੁੰਦੀ ਤਾਂ ਫਰੰਟ ਵੱਲੋਂ ਤਿੱਖੇ ਸੰਘਰਸ਼ ਦਾ ਰੂਪ ਅਖਤਿਆਰ ਕੀਤਾ ਜਾਵੇਗਾ, ਜਿਸ ਦੇ ਨੁਕਸਾਨ ਦੀ ਭਰਪਾਈ ਕਰਨੀ ਸਰਕਾਰ ਲਈ ਬਹੁਤ ਹੀ ਜਿਆਦਾ ਔਖੀ ਹੋਵੇਗੀ।