ਪੰਜਾਬ ‘ਚ ਕਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ
ਹੁਸ਼ਿਆਰਪੁਰ (ਪੰਜਾਬ)
ਪੰਜਾਬ ਦੇ ਹੁਸ਼ਿਆਰਪੁਰ ਵਿਚ ਇਕ ਕਲਯੁਗੀ ਪੁੱਤਰ ਦੇ ਵਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕੁੰਦਲਾ ਪਤਨੀ ਗੁਰਦੇਵ ਸਿੰਘ ਵਾਸੀ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਗਲੀ ਨੰਬਰ 5 ਵਜੋਂ ਹੋਈ ਹੈ।
ਮ੍ਰਿਤਕਾ ਦੇ ਪਤੀ ਗੁਰਦੇਵ ਸਿੰਘ ਨੇ ਦੱਸਿਆ ਕਿ, ਉਹ ਰੇਹੜੀ ਲਾਉਣ ਦਾ ਕੰਮ ਕਰਦਾ ਹੈ ਅਤੇ ਹਰ ਰੋਜ਼ ਤਰ੍ਹਾਂ ਅੱਜ ਵੀ ਉਹ ਸਵੇਰੇ ਫੇਰੀ ਲਾਉਣ ਲਈ ਗਿਆ ਸੀ, ਜਦੋਂ ਉਹ 3 ਵਜੇ ਦੇ ਕਰੀਬ ਆਪਣੇ ਘਰ ਪਹੁੰਚਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ।
ਜਦੋਂ ਉਹ ਤਾਲਾ ਤੋੜਕੇ ਘਰ ਦੇ ਅੰਦਰ ਵੜਿਆ ਤਾਂ ਦੇਖਿਆ ਕਿ ਕਮਰੇ ਵਿੱਚ ਉਸਦੀ ਪਤਨੀ ਕੁੰਦਲਾ ਦੀ ਲਾਸ਼ ਪਈ ਸੀ, ਜੋ ਕਿ ਖੂਨ ਨਾਲ ਲਥਪਥ ਸੀ। ਗੁਰਦੇਵ ਸਿੰਘ ਦਾ ਦਾਅਵਾ ਹੈ ਕਿ, ਉਸਦੀ ਪਤਨੀ ਦਾ ਕਤਲ ਉਸਦੇ ਪੁੱਤਰ ਸੋਨੂੰ ਨੇ ਹੀ ਕੀਤਾ ਹੈ, ਜੋ ਦਿਮਾਗੀ ਤੌਰ ਤੇ ਠੀਕ ਨਹੀਂ।
ਫਿਲਹਾਲ ਸੋਨੂੰ ਘਰੋਂ ਫਰਾਰ ਹੈ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ, ਜਿਨ੍ਹਾਂ ਦੇ ਵਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।