ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾੜਿਆ ਭਗਵੰਤ ਮਾਨ ਦਾ ਪੁਤਲਾ! ਲਾਏ ਮੁਰਦਾਬਾਦ ਦੇ ਨਾਅਰੇ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬੱਸ ਸਟੈਂਡ ਫਰੀਦਕੋਟ ਸਾਹਮਣੇ ਤਿੱਖੀ ਨਾਅਰੇਬਾਜ਼ੀ ਕਰਕੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ
7 ਨਵੰਬਰ ਨੂੰ ਗਿੱਦੜਬਾਹਾ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਕੀਤਾ ਜਾਵੇਗਾ ਝੰਡਾ ਮਾਰਚ
ਪੰਜਾਬ ਨੈੱਟਵਰਕ, ਫਰੀਦਕੋਟ
ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਦੇ ਖਿਲਾਫ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਅੱਜ ਸਥਾਨਕ ਬੱਸ ਅੱਡੇ ਸਾਹਮਣੇ ਕੁਝ ਸਮੇਂ ਲਈ ਟਰੈਫਿਕ ਜਾਮ ਕਰਕੇ ਝੂਠਾਂ ਦੀ ਪੰਡ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ।
ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਇੰਦਰਜੀਤ ਸਿੰਘ ਖੀਵਾ, ਮੰਡੀ ਬੋਰਡ ਦੇ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ, ਪਾਵਰ ਕਾਮ ਪੈਨਸ਼ਨਰ ਆਗੂ ਚੰਦ ਸਿੰਘ ਡੋਡ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂ ਬਲਵਿੰਦਰ ਰਾਮ ਸ਼ਰਮਾ , ਹਰਜਿੰਦਰ ਸਿੰਘ ਧਾਲੀਵਾਲ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ , ਅਸ਼ੋਕ ਕੌਸਲ ,ਦਫ਼ਤਰੀ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ, ਪੈਰਾ ਮੈਡੀਕਲ ਸਟਾਫ ਦੇ ਆਗੂ ਜਸਮੇਲ ਸਿੰਘ ਜੱਸੀ, ਬਲਵਿੰਦਰ ਸਿੰਘ ਬਰਾੜ, ਕੁਲਵੰਤ ਸਿੰਘ ਚਾਨੀ , ਕਲਾਸ ਫੋਰ ਯੂਨੀਅਨ ਦੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ, ਆਸ਼ਾ ਵਰਕਰ ਆਗੂ ਸਿੰਬਲਜੀਤ ਕੌਰ ਤੇ ਚਰਨਜੀਤ ਕੌਰ ਲੰਭਵਾਲੀ , ਏਟਕ ਦੇ ਆਗੂ ਹਰਪਾਲ ਸਿੰਘ ਮਚਾਕੀ ਤੇ ਰਮੇਸ਼ ਕੌਸ਼ਲ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਢੇ ਪੰਜ ਸਾਲਾਂ ਦਾ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਅਤੇ ਸੋਧੀ ਹੋਈ ਲੀਵ ਇਨਕੇਸ਼ਮੇਂਟ ਨਹੀਂ ਦਿੱਤੀ ਜਾ ਰਹੀ।
ਪੈਨਸ਼ਨਰਾਂ ਲਈ 2.59 ਦਾ ਗੁਨਾਕ ਲਾਗੂ ਨਹੀਂ ਕੀਤਾ ਜਾ ਰਿਹਾ, ਮਹਿੰਗਾਈ ਭੱਤੇ ਦੀਆਂ 15 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਚਾਰ ਕਿਸਤਾਂ ਨਹੀਂ ਦਿੱਤੀਆਂ ਜਾ ਰਹੀਆਂ, ਪੁਰਾਣੀ ਪੈਨਸ਼ਨ ਸਕੀਮ ਅਸਲ ਰੂਪ ਵਿੱਚ ਬਹਾਲ ਨਹੀਂ ਕੀਤੀ ਜਾ ਰਹੀ , ਕੱਚੇ ,ਠੇਕਾ ਆਧਾਰਤ , ਆਊਟਸੋਰਸ ਅਤੇ ਸਕੀਮ ਵਰਕਰਜ਼ ਦਾ ਵੱਡੇ ਪੱਧਰ ਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਜਾ ਰਿਹਾ ਹੈ , ਰੈਗੂਲਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਬਣੀ ਹੋਈ ਹੈ, ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਬਹੁਤ ਸਾਰੇ ਫੈਸਲੇ ਲਾਗੂ ਨਹੀਂ ਕੀਤੇ ਜਾ ਰਹੇ।
ਪਿਛਲੀਆਂ ਹੁਕਮਰਾਨ ਸਰਕਾਰਾਂ ਵੱਲੋਂ 15 ਜਨਵਰੀ 2015 ਅਤੇ 17 ਜੁਲਾਈ 2020 ਦੇ ਜਾਰੀ ਕੀਤੇ ਗਏ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਨਹੀਂ ਲਏ ਜਾ ਰਹੇ , ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਾਰ ਵਾਰ ਮੁਲਾਜਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਗੱਲਬਾਤ ਦਾ ਸਮਾਂ ਤੈਅ ਕਰਕੇ ਮੀਟਿੰਗਾਂ ਕਰਨ ਤੋਂ ਮੁਨਕਰ ਹੋ ਗਏ ਹਨ ਜਿਸ ਕਾਰਨ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ 7 ਨਵੰਬਰ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਆਪਣੇ ਆਪਣੇ ਸਾਧਨਾਂ ਰਾਹੀਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰ ਵਿੱਚ ਝੰਡਾ ਮਾਰਚ ਕਰਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਦਾ ਲੋਕ ਵਿਰੋਧੀ ਚਿਹਰਾ ਲੋਕਾਂ ਵਿੱਚ ਜਾਕੇ ਨੰਗਾ ਕਰਨਗੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਪ੍ਰਧਾਨ ਸਿਹਤ ਵਿਭਾਗ , ਰੇਸ਼ਮ ਸਿੰਘ ਤੇ ਗੁਰਪ੍ਰੀਤ ਸਿੰਘ ਸਿੱਧੂ ਬਰਜਿੰਦਰਾ ਕਾਲਜ, ਜਸਮੇਲ ਸਿੰਘ ਰਾਹੀ, ਨੀਲਾ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ ਅਹਿਲ, ਮਦਨ ਲਾਲ ਸ਼ਰਮਾ, ਮੇਜਰ ਸਿੰਘ ਜੌਹਲ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਗੁਰਮੀਤ ਸਿੰਘ ਜੈਤੋ, ਬਿਸ਼ਨ ਦਾਸ ਅਰੋੜਾ, ਅਮਰਜੀਤ ਸਿੰਘ ਵਾਲੀਆ , ਗੁਰਦੀਪ ਸਿੰਘ ਜੈਤੋ, ਇਕਬਾਲ ਸਿੰਘ ਮੰਘੇੜਾ , ਤਰਸੇਮ ਨਰੂਲਾ, ਸੁਖਵਿੰਦਰ ਸਿੰਘ ਪ੍ਰਧਾਨ ਸਕਿਉਰਟੀ ਗਾਰਡ, ਰਾਜ ਧਾਲੀਵਾਲ, ਪ੍ਰੀਤਮ ਸਿੰਘ ਖਜਾਨਾ ਦਫਤਰ, ਕੁਲਵੰਤ ਸਿੰਘ ਜੌਹਲ ,ਹਰਮੇਲ ਸਿੰਘ , ਮੇਜਰ ਸਿੰਘ ਮਹਿਮੂਆਣਾ, ਬੇਅੰਤ ਸਿੰਘ, ਅਸ਼ੋਕ ਸੇਠੀ , ਇੰਦਰਜੀਤ ਸਿੰਘ ਗਿੱਲ, ਰਮੇਸ਼ ਢੈਪਈ , ਜੋਤੀ ਪ੍ਰਕਾਸ , ਰਮੇਸ਼ ਕੌਸ਼ਲ , ਸੁਖਚਰਨ ਸਿੰਘ ਤੇ ਗੁਰਦੀਪ ਭੋਲਾ , ਅਰਜਨ ਸਿੰਘ, ਸੁਰਿੰਦਰ ਪਾਲ ਸਿੰਘ ਮਾਨ, ਜਰਨੈਲ ਸਿੰਘ ਤੇ ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ ਤੇ ਮਲਕੀਤ ਸਿੰਘ ਭਾਣਾ ਆਦਿ ਹਾਜ਼ਰ ਸਨ।