ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ, ਸਮੇਤ ਵਿੱਤੀ ਮੰਗਾਂ ਦੀ ਪੂਰਤੀ ਹਿੱਤ 9 ਨਵੰਬਰ ਨੂੰ ਬਰਨਾਲਾ ਵਿਖੇ ਭਰਵੀਂ ਰੋਸ ਰੈਲੀ ਦਾ ਐਲਾਨ
ਪੰਜਾਬ ਸਰਕਾਰ ਪੇਂਡੂ ਭੱਤੇ ਸਮੇਤ ਸਾਰੇ ਕੱਟੇ ਭੱਤੇ ਬਹਾਲ ਕਰੇ; ਲੌਂਗੋਵਾਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਅਹਿਮ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਅਤੇ ਹੱਕੀ ਮੰਗਾਂ ਪ੍ਰਤੀ ਡੰਗ ਟਪਾਊ ਨੀਤੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਧਿਆਪਕਾਂਂ ਦੀ ਪ੍ਰਤੀਨਿਧ ਜੱਥੇਬੰਦੀ ਡੀ.ਟੀ.ਐਫ. ਵੱਲੋਂ 9 ਨਵੰਬਰ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਹੱਕੀ ਮੰਗ ਪੁਰਾਣੀ ਪੈਨਸ਼ਨ, ਆਪ ਸਰਕਾਰ ਵੱਲੋਂ ਢਾਈ ਸਾਲ ਬੀਤਣ ਦੇ ਬਾਵਜੂਦ ਵੀ ਪੂਰੀ ਨਹੀਂ ਕੀਤੀ ਗਈ। ਇਸ ਸਬੰਧੀ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਮਸਲਾ ਠੰਡੇ ਬਸਤੇ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਸੂਬਾ ਕਮੇਟੀ ਵਲੋਂ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਤਿੱਖੀ ਅਲੋਚਨਾਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਆਮ ਲੋਕਾਂ ਅਤੇ ਮੁਲਾਜ਼ਮਾਂ ਦਾ ਲਗਾਤਾਰ ਸ਼ੋਸਣ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜਮ 1970 ਦੇ ਦਹਾਕੇ ਵਾਲੀ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਜਦੋਂ ਕਿ ਸਮੇਂ -ਸਮੇਂ ਦੀਆਂ ਸਰਕਾਰਾਂ ਵੱਲੋਂ ਕੰਟਰੀਬਿਊਟਰੀ ਸਕੀਮ ਤਹਿਤ ਨਵੀਂ ਐਨ. ਪੀ .ਐਸ. ਯੂ ,ਪੀ, ਐਸ,ਪ੍ਰਣਾਲੀ ਵਾਲੀ ਮਾਮੂਲੀ ਪੈਨਸ਼ਨ ਜਬਰੀ ਥੋਪੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਸੂਬੇ ਦੇ ਮਿੱਡਲ ਸਕੂਲਾਂ ਨੂੰ ਹਾਈ ਸਕੂਲਾਂ ਵਿੱਚ ਮਰਜ਼ ਕਰਨ ਦੀ ਕਵਾਇਦ ਜਾਰੀ ਹੈ। ਇਸ ਤੋਂ ਬਿਨਾਂ ਹਰ ਵਰਗ ਦੀਆਂ ਵਿਭਾਗੀ ਤਰੱਕੀਆਂ ਨੂੰ ਬੇਵਜ੍ਹਾ ਲਟਕਾਇਆ ਜਾ ਰਿਹਾ ਹੈ।
ਚੋਣ ਮੈਨੀਫੈਸਟੋ ਵਿੱਚ ਪੈਨਸ਼ਨ ਬਹਾਲ ਕਰਨ ਦਾ ਲਿਖਤੀ ਵਾਅਦਾ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਤੋਂ ਆਨਾ ਕਾਨੀ ਕਰ ਰਹੀਂ ਹੈ। ਪੰਜਾਬ ਦੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ 36 ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨ ਅਤੇ ਡੀ,ਏ, ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ ਤੋਂ ਇਨਕਾਰੀ ਹੈ। ਸੂਬਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਵਾਰ ਚੋਣਾਂ ਦੌਰਾਨ ਪੈਨਸ਼ਨ ਬਹਾਲੀ ਸਮੇਤ ਮੁਲਾਜ਼ਮਾਂ ਨੂੰ ਗੱਲੀਂ ਬਾਤੀਂ ਰਿਉੜੀਆਂ ਵੰਡੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਡਟਵੇਂ ਵਿਸ਼ਾਲ ਅਤੇ ਲਗਾਤਾਰ ਸੰਘਰਸ਼ ਦੀ ਲੋੜ ਹੈ।
ਸੂਬਾ ਆਗੂਆਂ ਨੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸਮੁੱਚੇ ਅਧਿਆਪਕ ਵਰਗ ਨੂੰ 9 ਨਵੰਬਰ ਦੇ ਬਰਨਾਲਾ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਵਿਸ਼ਾਲ ਸੰਘਰਸ਼ ਲਾਮਬੰਦ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕੱਟੇ ਹੋਏ ਭੱਤਿਆਂ ਦੀ ਬਹਾਲੀ, ਹਰ ਵਰਗ ਦੀਆਂ ਵਿਭਾਗੀ ਤਰੱਕੀਆਂ ਸਮੇਂਤ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਤੇ ਪੰਜਾਬ ਦਾ ਤਨਖਾਹ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ।