DTF ਪੰਜਾਬ ਅਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ 9 ਨਵੰਬਰ ਦੀ ਬਰਨਾਲਾ ਰੈਲੀ ਸਾਂਝੇ ਤੌਰ ਤੇ ਕਰਨ ਦਾ ਐਲਾਨ; ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਲਿਆ ਫ਼ੈਸਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਆਪ ਸਰਕਾਰ ਦੀਆਂ ਸਿੱਖਿਆ, ਮੁਲਾਜ਼ਮ, ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪੁਰਾਣੀ ਪੈਨਸ਼ਨ ਬਹਾਲੀ,ਅਧੂਰੇ ਤਨਖਾਹ ਸਕੇਲ ਰੱਦ ਕਰਾਉਣ, ਮਿਡਲ ਸਕੂਲਾਂ ਦੀ ਮਰਜਿੰਗ ਨੀਤੀ ਖ਼ਿਲਾਫ਼ , ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਕੇ ਰੈਗੂਲਰ ਕਰਨ ਸਬੰਧੀ ਅਤੇ ਹੋਰ ਅਧਿਆਪਕ ਮਸਲਿਆਂ ਦੇ ਹੱਲ ਲਈ ਦੋਹਾਂ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਵੱਲੋਂ 9 ਨਵੰਬਰ ਦੀ ਬਰਨਾਲਾ ਰੈਲੀ ਸਾਂਝੇ ਤੌਰ ਤੇ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐਂਫ. ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਅਤੇ ਐਮ. ਟੀ. ਯੂ. ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਟੀਨਾ ਅਤੇ ਸੂਬਾ ਸਕੱਤਰ ਡਾਕਟਰ ਅਜੈ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਖੇਤਰ ਵਿਚ ਨਿੱਜੀਕਰਨ, ਆਊਟਸੋਰਸਿੰਗ ਅਤੇ ਠੇਕਾ ਸਿਸਟਮ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।
ਉੱਚ ਤਾਲੀਮ ਯਾਫ਼ਤਾ ਅਧਿਆਪਕਾਂ ਨੂੰ ਮਾਮੂਲੀ ਤਨਖਾਹਾਂ ਤੇ ਬਗੈਰ ਪੈਨਸ਼ਨ ਅਤੇ ਸੇਵਾ ਸੁਰੱਖਿਆ ਦੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲਣ ਲਈ ਬਰਨਾਲਾ ਰੈਲੀ ਸਾਂਝੇ ਤੌਰ ਤੇ ਭਰਵੀਂ ਸ਼ਮੂਲੀਅਤ ਕਰਕੇ ਕੀਤੀ ਜਾਵੇਗੀ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਕਿਹਾ ਕਿ ਜੱਥੇਬੰਦੀ ਦੇ ਉਦੇਸ਼ ਮੁਤਾਬਿਕ ਹਾਸਲ ਹਾਲਤਾਂ ਵਿੱਚ ਅਧਿਆਪਕ ਏਕਤਾ ਸਮੇਂ ਦੀ ਅਹਿਮ ਅਤੇ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਅਧਿਆਪਕ ਬਰਨਾਲਾ ਰੈਲੀ ਵਿੱਚ ਪਹੁੰਚਣਗੇ।