ਪੰਜਾਬ ਦੇ ਮੁਲਾਜ਼ਮ ਹੁਣ ਟੈਂਕੀਆਂ ‘ਤੇ ਨਹੀਂ, ਦਫ਼ਤਰਾਂ ‘ਚ ਆਉਂਦੇ ਨੇ ਨਜ਼ਰ! ਡੇਰਾ ਬਾਬਾ ਨਾਨਕ ‘ਚ ਕੇਜਰੀਵਾਲ ਦਾ ਵੱਡਾ ਦਾਅਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਵਿੱਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਦੋਵੇਂ ਆਗੂਆਂ ਨੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਅਤੇ ਮਾਨ ਨੇ ‘ਆਪ’ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਅਸੀਂ ਆਪਣੇ ਸਾਰੇ ਵੱਡੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿੱਚ ਸੁਧਾਰ ਅਤੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰ ਪਿੰਡ ਵਿੱਚ 4-5 ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਹੁਣ ਤੱਕ 45,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ, ਪਹਿਲਾਂ ਕਿਸੇ ਨੂੰ ਬਿਨਾਂ ਰਿਸ਼ਵਤ ਜਾਂ ਸਿਫ਼ਾਰਸ਼ਾਂ ਤੋਂ ਸਰਕਾਰੀ ਨੌਕਰੀ ਮਿਲਣਾ ਅਸੰਭਵ ਸੀ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਹੈ। ਹੁਣ, ਸਰਕਾਰੀ ਕਰਮਚਾਰੀ ਪਾਣੀ ਦੀਆਂ ਟੈਂਕੀਆਂ ‘ਤੇ ਨਜ਼ਰ ਨਹੀਂ ਆਉਂਦੇ, ਉਹ ਆਪਣੇ ਦਫ਼ਤਰਾਂ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ, ਸਾਡੀ ਸਰਕਾਰ ਨੇ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਦੀ ਰੋਜ਼ਾਨਾ ਬੱਚਤ ਹੋ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਗੁਰਦੀਪ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਚੁਣੇ ਜਾਣਗੇ ਤਾਂ ਉਹ ਇਸ ਹਲਕੇ ਵਿੱਚ ਬਾਇਓ ਗੈਸ ਪਲਾਂਟ ਅਤੇ ਸ਼ੂਗਰ ਮਿੱਲ ਦੀ ਸਥਾਪਨਾ ਕਰਨਗੇ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਏ ਜਾਣਗੇ। ਇੱਕ ਆਈਟੀਆਈ-ਪੋਲੀਟੈਕਨਿਕ ਕਾਲਜ ਵੀ ਖੋਲ੍ਹਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਇਹ ਚੋਣ ਇਮਾਨਦਾਰ ਰੰਧਾਵਾ ਅਤੇ ਭ੍ਰਿਸ਼ਟ ਰੰਧਾਵਾ ਵਿਚਕਾਰ ਹੈ। ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਰਨ ਲੋਕ ਕਈ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਸਿਰਫ਼ ਆਪਣੇ ਪਰਿਵਾਰ ਬਾਰੇ ਹੀ ਸੋਚਦੇ ਹਨ। ਇਸੇ ਲਈ ਉਨ੍ਹਾਂ ਦੀ ਪਤਨੀ ਇਹ ਚੋਣ ਲੜ ਰਹੀ ਹੈ। ਦੂਜੇ ਪਾਸੇ ਗੁਰਦੀਪ ਸਿੰਘ ਰੰਧਾਵਾ ਲਈ ਡੇਰਾ ਬਾਬਾ ਨਾਨਕ ਦੇ ਲੋਕ ਹੀ ਉਨ੍ਹਾਂ ਦਾ ਪਰਿਵਾਰ ਹਨ। ਉਹ ਤੁਹਾਡੇ ਲਈ ਕੰਮ ਕਰੇਗਾ। ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।