Punjab News: ਪੰਜਾਬ ‘ਚ ਝੋਨੇ ਦੀ ਖ਼ਰੀਦ ਨਹੀਂ ਹੋਈ ਮੁਕੰਮਲ, ਪਰ ਸਰਕਾਰ ਵੱਲੋਂ ਮੰਡੀਆਂ ਬੰਦ ਕਰਨ ਦੇ ਹੁਕਮ
Punjab News: ਕਿਸਾਨ ਆਗੂਆਂ ਨੇ ਸਰਕਾਰ ਦੀ ਕਿਸਾਨ ਵਿਰੋਧੀ ਕਾਰਗੁਜਾਰੀ ‘ਤੇ ਸਵਾਲ ਉਠਾਏ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਵਿੱਚ ਬਹੁ-ਗਿਣਤੀ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਫ਼ਸਲ ਹਾਲੇ ਖ਼ਰੀਦੀ ਨਹੀਂ ਗਈ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ ਖੋਲ੍ਹੇ ਗਏ ਰੈਗੂਲਰ ਅਤੇ ਆਰਜ਼ੀ ਖ਼ਰੀਦ ਕੇਂਦਰ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ, ਵੱਖ ਵੱਖ ਜਿਲ੍ਹਿਆਂ ਦੇ ਜਿਨ੍ਹਾਂ ਰੈਗੂਲਰ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਨ੍ਹਾਂ ਸਰਕਾਰੀ ਖਰੀਦ ਕੇਂਦਰਾਂ ਨੂੰ ਬੰਦ ਕੀਤਾ ਜਾਵੇ। ਦੱਸ ਦਈਏ ਕਿ, ਸਰਕਾਰ ਵੱਲੋਂ ਇਹ ਹੁਕਮ 9 ਨਵੰਬਰ 2024 ਨੂੰ ਜਾਰੀ ਕੀਤੇ ਗਏ ਹਨ।
ਦੱਸਣਾ ਬਣਦਾ ਹੈ ਕਿ, ਸਰਕਾਰ ਨੇ ਜਾਰੀ ਹੁਕਮਾਂ ਵਿੱਚ ਇਹ ਨਹੀਂ ਲਿਖਿਆ ਕਿ, ਕਿਹੜੀਆਂ ਕਿਹੜੀਆਂ ਮੰਡੀਆ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ? ਦੂਜੇ ਪਾਸੇ, ਸਰਕਾਰ ਦੇ ਇਸ ਹੁਕਮ ਮਗਰੋਂ ਕਿਸਾਨ ਆਗੂਆਂ ਨੇ ਸਰਕਾਰ ਦੀ ਕਿਸਾਨ ਵਿਰੋਧੀ ਕਾਰਗੁਜਾਰੀ ਤੇ ਸਵਾਲ ਉਠਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ, ਸਰਕਾਰ ਮੰਡੀਆਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਝੋਨੇ ਦੀ ਖਰੀਦ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ, ਪੰਜਾਬ ਮੰਡੀ ਬੋਰਡ ਨੇ ਰੈਗੂਲਰ ਅਤੇ ਆਰਜ਼ੀ ਤੌਰ ’ਤੇ ਸਥਾਪਤ 326 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ। ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ 9 ਨਵੰਬਰ ਨੂੰ ਪੰਜਾਬ ਮੰਡੀ ਬੋਰਡ ਨੂੰ ਪੱਤਰ ਨੰਬਰ 792302/2024/ਅ-1/1102 ਜਾਰੀ ਕਰਕੇ ਗਰੇਡ-ਏ ਦੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਰਕਾਰੀ ਪੱਤਰ ਵਿੱਚ ਸੂਬੇ ਦੇ 10 ਜ਼ਿਲ੍ਹਿਆਂ ਦੇ 326 ਖ਼ਰੀਦ ਕੇਂਦਰਾਂ ਨੂੰ ਬੰਦ ਕਰਕੇ 11 ਨਵੰਬਰ ਤੋਂ ਇਨ੍ਹਾਂ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੀ ਗੱਲ ਆਖੀ ਗਈ ਹੈ।
ਮੰਡੀ ਬੋਰਡ ਨੇ ਸਬੰਧਿਤ ਜ਼ਿਲ੍ਹਿਆਂ ਦੇ ਖ਼ਰੀਦ ਕੇਂਦਰ ਡੀ-ਨੋਟੀਫਾਈ ਕਰ ਦਿੱਤੇ ਹਨ। ਹਾਲਾਂਕਿ ਸਰਕਾਰੀ ਸੂਤਰ ਆਖਦੇ ਹਨ ਕਿ ਪੰਜਾਬ ਦੇ ਕੇਵਲ ਉਹੀ ਖ਼ਰੀਦ ਕੇਂਦਰ ਬੰਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਜਿਣਸ ਆਉਣੀ ਬੰਦ ਹੋ ਗਈ ਸੀ, ਜਿਨ੍ਹਾਂ ਕੇਂਦਰਾਂ ਵਿੱਚ ਫ਼ਸਲ ਆ ਰਹੀ ਹੈ, ਉਨ੍ਹਾਂ ਵਿੱਚ ਖ਼ਰੀਦ ਜਾਰੀ ਰਹੇਗੀ।