ਸੰਗਰੂਰ ਦੇ ਅਧਿਆਪਕਾਂ ਦੀਆਂ ਬਰਨਾਲਾ ਜ਼ਿਮਨੀ ਚੋਣ ਡਿਊਟੀਆਂ ਰੱਦ ਕਰਵਾਉਣ ਲਈ DTF ਦਾ ਵਫ਼ਦ ਏਡੀਸੀ ਸੰਗਰੂਰ ਨੂੰ ਮਿਲਿਆ
ਸੰਗਰੂਰ ਦੇ ਅਧਿਆਪਕਾਂ ਦੀ ਬਰਨਾਲਾ ਜ਼ਿਮਨੀ ਚੋਣ ਡਿਊਟੀਆਂ ਲਗਾਉਣਾ ਗੈਰ ਵਾਜਬ : ਡੀਟੀਐੱਫ
ਸੰਗਰੂਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਬਰਨਾਲਾ ਜ਼ਿਮਨੀ ਚੋਣਾਂ ਵਿੱਚ ਲੱਗੀਆਂ ਡਿਊਟੀਆਂ ਨੂੰ ਕਟਵਾਉਣ ਲਈ ਡੀਟੀਐੱਫ ਸੰਗਰੂਰ ਨੇ ਡੀ ਸੀ ਸੰਗਰੂਰ ਨੂੰ ਸੌਂਪਿਆ ਮੰਗ ਪੱਤਰ
ਦਲਜੀਤ ਕੌਰ , ਸੰਗਰੂਰ
ਡੈਮੋਕਰੈਟਿਕ ਟੀਚਰਸ ਫਰੰਟ ਨੇ ਏਡੀਸੀ ਸੰਗਰੂਰ ਨੂੰ ਮਿਲ ਕੇ ਬਰਨਾਲਾ ਜਿਮਨੀ ਚੋਣ ਵਿੱਚ ਜ਼ਿਲ੍ਹਾ ਸੰਗਰੂਰ ਦੇ ਅਧਿਆਪਕਾਂ ਦੀ ਚੋਣ ਡਿਊਟੀ ਲਗਾਉਣ ਤੇ ਸਖਤ ਇਤਰਾਜ਼ ਕੀਤਾ ਹੈ ਅਤੇ ਇਨ੍ਹਾਂ ਡਿਊਟੀਆ ਨੂੰ ਤੁਰੰਤ ਰੱਦ ਕਰਨ ਲਈ ਮੰਗ ਪੱਤਰ ਸੌਂਪਿਆ ਹੈ।
ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੱਸਿਆ ਕਿ ਬਰਨਾਲਾ ਵਿਖੇ ਸੰਗਰੂਰ ਜ਼ਿਲ੍ਹੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਬਰਨਾਲਾ ਵਿਖੇ ਚੋਣ ਡਿਊਟੀ ਲਗਾਈ ਗਈ ਹੈ ਜੋ ਕਿ ਬਿਲਕੁਲ ਗੈਰ-ਵਾਜਬ ਹੈ ਕਿਉਂਕਿ ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ ਹਲਕੇ ਤੋਂ ਬਿਨਾਂ ਹੋਰ ਹਲਕੇ ਵੀ ਪੈਂਦੇ ਹਨ।
ਉਨ੍ਹਾਂ ਹਲਕਿਆਂ ਤੋਂ ਵੀ ਮੁਲਾਜ਼ਮਾਂ ਦੀ ਚੋਣ ਡਿਊਟੀ ਲਗਾਈ ਜਾ ਸਕਦੀ ਸੀ ਪਰ ਸੰਗਰੂਰ ਜ਼ਿਲ੍ਹੇ ਵਿੱਚੋਂ ਬਰਨਾਲਾ ਤੋਂ 100-150 ਕਿਲੋਮੀਟਰ ਦੂਰ ਤੱਕ ਦੇ ਅਧਿਆਪਕਾਂ ਦੀ ਚੋਣ ਡਿਊਟੀ ਲਗਾਈ ਗਈ ਹੈ।
ਡੀਟੀਐੱਫ ਦੇ ਜਨਰਲ ਸਕੱਤਰ ਅਮਨ ਵਸ਼ਿਸ਼ਟ, ਜ਼ਿਲਾ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਅਤੇ ਵਿੱਤ ਸਕੱਤਰ ਕਮਲਜੀਤ ਬਨਭੌਰਾ ਨੇ ਦੱਸਿਆ ਕਿ ਬਰਨਾਲਾ ਵਿਖੇ ਲਗਭਗ 280 ਬੂਥ ਸਨ ਜਿਸ ਵਿੱਚੋਂ 220 ਪ੍ਰਜਾਈਡਿੰਗ ਅਫਸਰਾਂ ਦੀ ਡਿਊਟੀ ਸੰਗਰੂਰ ਜ਼ਿਲ੍ਹੇ ਵਿੱਚੋਂ ਲਗਾਈ ਗਈ ਹੈ।
ਡੀਟੀਐੱਫ ਆਗੂ ਰਾਜ ਸੈਣੀ, ਕੁਲਵੰਤ ਖਨੌਰੀ, ਦੀਨਾ ਨਾਥ ,ਮਨੋਜ ਲਹਿਰ, ਬਲਵਿੰਦਰ ਸਤੌਜ, ਸੁਖਵੀਰ ਖਨੌਰੀ, ਗੁਰਦੀਪ ਚੀਮਾ ਨੇ ਬੋਲਦੇ ਹੋਏ ਦੱਸਿਆ ਕਿ ਜੇਕਰ ਉਕਤ ਅਧਿਆਪਕਾਂ ਦੀ ਚੋਣ ਡਿਊਟੀ ਤੁਰੰਤ ਨਾ ਕੱਟੀ ਲਈ ਤਾਂ ਡੀਟੀਐੱਫ ਇਨਾ ਅਧਿਆਪਕਾਂ ਦੀ ਡਿਊਟੀ ਕਟਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਕੁਲਦੀਪ ਸਿੰਘ, ਰਮਨ ਗੋਇਲ, ਪਰਮਿੰਦਰ ਝਨੇੜੀ, ਪ੍ਰਦੀਪ ਸਿੰਘ, ਸੰਜੀਵ ਬਾਂਸਲ ਆਦਿ ਅਧਿਆਪਕ ਆਗੂ ਹਾਜ਼ਰ ਸਨ।