ਸਿੱਖਿਆ ਵਿਭਾਗ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ, ਸਸਪੈਂਡ ਟੀਚਰ ਕੀਤਾ ਬਹਾਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਡੀਟੀਐਫ਼ ਸਮੇਤ ਹੋਰਨਾਂ ਜਥੇਬੰਦੀਆਂ ਦੇ ਵਲੋਂ ਸਸਪੈਂਡ ਕੀਤੇ ਗਏ ਅਧਿਆਪਕ ਰਾਮ ਦਾਸ ਦੇ ਹੱਕ ਵਿਚ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਦੇ ਹੋਏ, ਸਿੱਖਿਆ ਵਿਭਾਗ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਸਨ। ਬੀਤੇ ਦਿਨ ਜਥੇਬੰਦੀਆਂ ਦੇ ਸੰਘਰਸ਼ ਨੂੰ ਉਸ ਵੇਲੇ ਬੂਰ ਪਿਆ, ਜਦੋਂ ਅਧਿਆਪਕ ਰਾਮ ਦਾਸ ਨੂੰ ਵਿਭਾਗ ਨੇ ਬਹਾਲ ਕਰ ਦਿੱਤਾ।
ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਦੱਸਿਆ ਗਿਆ ਕਿ, ਸਾਥੀ ਰਾਮ ਦਾਸ (ਈਟੀਟੀ ਟੀਚਰ, ਸ.ਪ੍ਰ.ਸ. ਮਾਣਕਪੁਰ, ਬਲਾਕ ਰਾਜਪੁਰਾ-2) ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ (ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਗੌਰਮਿੰਟ ਟੀਚਰਜ਼ ਯੂਨੀਅਨ, ਐੱਸ.ਸੀ. ਬੀ.ਸੀ. ਟੀਚਰਜ਼ ਯੂਨੀਅਨ, 6635 ਈਟੀਟੀ ਟੀਚਰਜ਼ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ) ਵੱਲੋਂ ਸਮੂਹਿਕ ਵਫ਼ਦ ਦੇ ਰੂਪ ਵਿੱਚ ਡੀਐੱਸਈ (ਐਲੀਮੈਂਟਰੀ) ਦਫ਼ਤਰ ਵਿਖੇ ਪਹੁੰਚ ਕਰਕੇ ਮੁਅੱਤਲ ਸਾਥੀ ਦੀ ਮੰਗ ਲਈ ਡੀਐੱਸਈ ਅਤੇ ਐੱਸਸੀਈਆਰਟੀ ਦਫ਼ਤਰ ਵਿਖੇ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੁੱਖ ਦਫ਼ਤਰ ਦੇ ਬਾਹਰ ਸਮੂਹ ਜਥੇਬੰਦੀਆਂ ਵੱਲੋਂ ਸੰਕੇਤਕ ਧਰਨਾ ਵੀ ਲਗਾਇਆ ਗਿਆ।
ਇਸ ਮੌਕੇ ਮਿਲੇ ਡੀਐੱਸਈ (ਐਲੀ:) ਵੱਲੋਂ ਦਿੱਤੇ ਭਰੋਸੇ ਅਨੁਸਾਰ ਅੱਜ ਸਾਥੀ ਰਾਮ ਦਾਸ ਦੀ ਬਹਾਲੀ ਦੇ ਆਰਡਰ ਜਾਰੀ ਹੋ ਗਏ ਹਨ, ਜੋ ਕਿ ਸਮੂਹ ਅਧਿਆਪਕਾਂ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ। ਰਹਿੰਦਾ ਮਸਲਾ ਹੱਲ ਕਰਵਾਉਣ ਲਈ ਸਾਰੇ ਸਾਥੀਆਂ ਨੂੰ ਜੁਡ਼ੇ ਰਹਿਣ ਦੀ ਅਪੀਲ ਹੈ।
ਡੀਐੱਸਈ ਦਫ਼ਤਰ ਮੋਹਾਲੀ ਵੱਲੋਂ ਇਹਨਾਂ ਆਰਡਰਾਂ ਦੀ ਇੱਕ ਕਾਪੀ ਅਧਿਆਪਕ ਆਗੂ ਸਾਥੀ ਵਿਕਰਮ ਦੇਵ ਸਿੰਘ ਨੂੰ ਭੇਜ ਦਿੱਤੀ ਗਈ ਹੈ ਅਤੇ ਡੀਈਓ ਦਫ਼ਤਰ ਨੂੰ ਵੀ ਈ-ਮੇਲ ਕਰ ਦਿੱਤੀ ਗਈ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਸਾਥੀ ਜਰਨੈਲ ਸਿੰਘ ਨਾਗਰਾ ਦੀ ਡੀਈਓ ਐਲੀਮੈਂਟਰੀ ਪਟਿਆਲਾ ਨਾਲ ਹੋਈ ਗੱਲਬਾਤ ਅਨੁਸਾਰ ਅੱਜ ਹੀ ਇਹ ਆਰਡਰ ਇੰਡੋਰਸ ਕਰਕੇ ਬੀਪੀਈਓ ਦਫ਼ਤਰ ਵਿਖੇ ਭੇਜ ਦਿੱਤੇ ਜਾਣਗੇ ਅਤੇ ਬੀਪੀਈਓ ਰਾਜਪੁਰਾ-2 ਨਾਲ ਹੋਈ ਗੱਲਬਾਤ ਅਨੁਸਾਰ ਸਾਥੀ ਰਾਮ ਦਾਸ ਨੂੰ ਕੱਲ ਸਵੇਰੇ ਵਾਪਿਸ ਬਲਾਕ ਵਿੱਚ ਹਾਜ਼ਿਰ ਕਰਵਾ ਲਿਆ ਜਾਵੇਗਾ।