ਸਿੱਖਿਆ ਵਿਭਾਗ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਬਾਰੇ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਹੀ ਮੰਨਣ ਤੋਂ ਹੋਇਆ ਇਨਕਾਰੀ
ਬਦਲੀਆਂ ਨੂੰ ਲੈ ਕੇ ਕੈਬਿਨੇਟ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰੀ ਹੋਇਆ ਸਿੱਖਿਆ ਵਿਭਾਗ-ਡੀ.ਟੀ.ਐੱਫ. ਪੰਜਾਬ
ਬਦਲੀ ਨੀਤੀ ਤਹਿਤ ‘ਛੋਟ ਵਾਲੀਆਂ ਕੈਟਗਰੀਆਂ’ ਲਈ ਵਿਸ਼ੇਸ ਮੌਕੇ ਦਾ ਫ਼ੈਸਲਾ ਨਹੀਂ ਹੋਇਆ ਲਾਗੂ – ਵਿਕਰਮ ਦੇਵ / ਮਹਿੰਦਰ ਕੌੜਿਆਂਵਾਲੀ/ ਮਲਕੀਤ ਹਰਾਜ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਪੰਜਾਬ ਸਰਕਾਰ ਵਲੋਂ 22 ਫਰਵਰੀ 2024 ਨੂੰ ਕੈਬਨਿਟ ਦੇ ਫੈਸਲੇ ਤਹਿਤ ਅਧਿਆਪਕਾਂ/ਕਰਮਚਾਰੀਆਂ ਲਈ ਬਣਾਈ ਬਦਲੀ ਨੀਤੀ ਵਿੱਚ ਸੋਧ ਕੀਤੀ ਗਈ ਸੀ, ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਬਦਲੀ ਨੀਤੀ ਤਹਿਤ ‘ਛੋਟ ਵਾਲੀਆਂ ਕੈਟਗਰੀਆਂ’ ਨੂੰ ਹਰ ਮਹੀਨੇ ਬਦਲੀ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਪਰ ਸਿੱਖਿਆ ਵਿਭਾਗ ਅਜੇ ਤੱਕ ਇਸ ਫ਼ੈਸਲੇ ਨੂੰ ਟਿੱਚ ਜਾਣਦਾ ਹੋਇਆ ਲਾਗੂ ਕਰਨ ਤੋਂ ਇਨਕਾਰੀ ਨਜਰ ਆ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਲਕੀਤ ਸਿੰਘ ਹਰਾਜ ਅਤੇ ਜਿਲ੍ਹਾ ਸਕੱਤਰ ਅਮਿਤ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਬਦਲੀ ਨੀਤੀ ਵਿੱਚ ਕੁਝ ਕੈਟਗਰੀਆਂ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਸੀ, ਜਿਨ੍ਹਾਂ ਵਿੱਚ 40 ਪ੍ਰਤੀਸਤ ਤੋਂ ਵੱਧ ਵਾਲੇ ਦਿਵਿਆਂਗ ਜਾਂ ਗੰਭੀਰ ਬਿਮਾਰੀ ਤੋਂ ਪੀੜ੍ਹਤ ਅਧਿਆਪਕ/ਕਰਮਚਾਰੀ ਜਾਂ ਜਿਨ੍ਹਾਂ ਦੇ ਆਸਰਿਤ ਦਿਵਿਆਂਗ ਜਾਂ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੋਣ, ਤਲਾਕਸ਼ੁਦਾ ਮੁਲਾਜਮ ਜਿਨ੍ਹਾਂ ਦੇ ਬੱਚੇ ਦਿਵਿਆਂਗ ਹੋਣ, ਮੁਲਾਜਮ ਔਰਤਾਂ ਜਿਨ੍ਹਾਂ ਦੇ ਪਤੀ ਸ਼ਹੀਦ ਹੋ ਗਏ ਹੋਣ ਜਾਂ ਉਹ ਮੁਲਾਜਮ ਜਿਨ੍ਹਾਂ ਦੇ ਪਤੀ/ਪਤਨੀ ਆਰਮੀ ਵਿੱਚ ਹੋਣ ਤੇ ਬੱਚੇ 18 ਸਾਲ ਤੋਂ ਛੋਟੇ ਹੋਣ ਆਦਿ।
ਉਪਰੋਕਤ ਅਧਿਆਪਕਾਂ/ਕਰਮਚਾਰੀਆਂ ਨੂੰ ਬਦਲੀ ਨੀਤੀ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਸੀ ਅਤੇ ਕੈਬਿਨੇਟ ਦੇ ਫ਼ੈਸਲੇ ਅਨੁਸਾਰ ਇਹਨਾਂ ਅਧਿਆਪਕ/ਕਰਮਚਾਰੀਆਂ ਨੂੰ ਹਰ ਮਹੀਨੇ ਬਦਲੀ ਲਈ ਵਿਸ਼ੇਸ਼ ਮੌਕਾ ਦਿੱਤਾ ਜਾਣ ਲਈ ਸਕੂਲ ਸਿੱਖਿਆ ਵਿਭਾਗ ਨੂੰ ਪਾਬੰਦ ਕੀਤਾ ਗਿਆ ਸੀ।
ਪਰ ਸਿੱਖਿਆ ਵਿਭਾਗ ਵਲੋਂ ਇਸ ਸੰਬੰਧੀ ਪੱਤਰ ਜਾਰੀ ਹੋਣ ਤੋਂ ਲਗਭਗ 8 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸ ਨੂੰ ਇੱਕ ਵਾਰ ਵੀ ਲਾਗੂ ਨਹੀਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਲੰਘੀ 25 ਸਤੰਬਰ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ‘ਛੋਟ ਵਾਲੀਆਂ ਕੈਟਗਰੀਆਂ’ ਨੂੰ 30 ਸਤੰਬਰ ਤੋਂ 2 ਅਕਤੂਬਰ ਤੱਕ ਅਪਲਾਈ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ।
ਪਰ ਇਹ ਪ੍ਰਕਿਰਿਆ ਪੂਰੀ ਹੀ ਨਹੀਂ ਕੀਤੀ ਗਈ ਅਤੇ ਕਿਸੇ ਅਧਿਆਪਕ/ਕਰਮਚਾਰੀ ਦੀ ਬਦਲੀ ਨਹੀਂ ਕੀਤੀ ਗਈ ਅਤੇ ਮਾਮਲਾ ਠੰਡੇ ਬਸਤੇ ਪਾ ਦਿੱਤਾ ਗਿਆ।
ਇਸ ਸੰਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਕਿਹਾ ਕਿ ਬਦਲੀ ਨੀਤੀ ਤਹਿਤ ‘ਛੋਟ ਵਾਲੀਆਂ ਕੈਟਗਰੀਆਂ’ ਸਮੇਤ ਡਾਟਾ ਮਿਸ ਮੈਚ ਕਾਰਨ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ ਦਾ ਭਰੋਸਾ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਦਿੱਤਾ ਗਿਆ ਸੀ, ਪ੍ਰੰਤੂ ਬਿਨਾਂ ਕਿਸੇ ਠੋਸ ਕਾਰਨ ਇਸ ਮਾਮਲੇ ਨੂੰ ਠੰਡੇ ਬਸਤੇ ਪਾ ਕੇ ਲੋੜਵੰਦ ਅਧਿਆਪਕਾਂ ਨੂੰ ਮਾਨਸਿਕ ਪੀੜਾ ਸਹਿਣ ਲਈ ਛੱਡ ਦਿੱਤਾ ਗਿਆ ਹੈ।
ਆਗੂਆਂ ਨੇ ਮੰਗ ਕੀਤੀ ਕੈਬਨਿਟ ਦੇ ਉਪਰੋਕਤ ਫ਼ੈਸਲੇ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬਜੀਤ ਸਿੰਘ ਮਾਲੜਾ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ, ਇੰਦਰ ਸਿੰਘ ਸੰਧੂ , ਅਰਸ਼ਦੀਪ ਸਿੰਘ, ਅਰਵਿੰਦਰ ਕੁਮਾਰ, ਨਰਿੰਦਰ ਸਿੰਘ ਜੰਮੂ, ਭਗਵਾਨ ਸਿੰਘ, ਕਰਤਾਰ ਸਿੰਘ, ਸੰਜੀਵ ਕੁਮਾਰ, ਕਿਰਪਾਲ ਸਿੰਘ, ਹੀਰਾ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ਆਦਿ ਮੌਜੂਦ ਰਹੇ।