ਦਸਤਾਵੇਜ਼ੀ ਫਿਲਮ ‘ਇਨਕਲਾਬ ਦੀ ਖੇਤੀ’! ਜਮਹੂਰੀ ਅਧਿਕਾਰ ਸਭਾ ਵੱਲੋਂ ਫਿਲਮ ਦੀ ਪਰਦਾਪੇਸ਼ੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਜਮਹੂਰੀ ਅਧਿਕਾਰ ਸਭਾ ਵੱਲੋਂ ਮਨੁੱਖੀ ਅਧਿਕਾਰ ਦਿਹਾੜੇ ‘ਤੇ 10 ਦਸੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਦਸਤਾਵੇਜ਼ੀ ਫ਼ਿਲਮ ‘ਇਨਕਲਾਬ ਦੀ ਖੇਤੀ’ (ਫਾਰਮਿੰਗ ਦਾ ਰੈਵੋਲਿਊਸ਼ਨ) ਦੀ ਪਰਦਾਪੇਸ਼ੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਸਮੇਤ ਸ਼ਹਿਰ ਦੇ ਬੁੱਧੀਜੀਵੀਆਂ, ਕਲਾਕਾਰਾਂ ਅਤੇ ਨਾਗਰਿਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਦਿੱਲੀ ਦੀਆਂ ਹੱਦਾਂ ‘ਤੇ 13 ਮਹੀਨੇ ਚੱਲੇ ਕਿਸਾਨ ਅੰਦੋਲਨ ਨੂੰ ਦਰਸਾਉਂਦੀ ਇਸ ਫਿਲਮ ਦੇ ਨਿਰਦੇਸ਼ਕ ਨਿਸ਼ਠਾ ਜੈਨ ਵੀ ਇਸ ਮੌਕੇ ਮਜੂਦ ਰਹੇ। ਨਿਸ਼ਠਾ ਜੈਨ ਮੁੰਬਈ ਅਧਾਰਿਤ ਕੌਮਾਂਤਰੀ ਪ੍ਰਸਿੱਧੀ ਹਾਸਲ ਦਸਤਾਵੇਜ਼ੀ ਫ਼ਿਲਮਸਾਜ਼ ਹਨ।
ਦਰਸ਼ਕਾਂ ਨਾਲ ਆਪਣਾ ਤਜੁਰਬਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਮੋਰਚੇ ਦੇ ਸਾਲ ਦੌਰਾਨ ਵੱਖ-ਵੱਖ ਸਮੇਂ ਕੁੱਲ 135 ਦਿਨ ਉਹਨਾਂ ਨੇ ਆਪਣੇ ਕੈਮਰੇ ਅਤੇ ਟੀਮ ਸਮੇਤ ਲੱਗਭਗ 500 ਘੰਟਿਆਂ ਦੀ ਰਿਕਾਡਿੰਗ ਕੀਤੀ। ਜਿਸ ਕਰਕੇ ਕਿਸਾਨ ਘੋਲ ਦੇ ਵੱਖ-ਵੱਖ ਰੰਗਾਂ ਦੀ ਫੁਲਕਾਰੀ ਤਿਆਰ ਕਰਕੇ ਉਹ ਇਸ ਨੂੰ ਦਸਤਾਵੇਜ਼ੀ ਫਿਲਮ ਦੀ ਸ਼ਕਲ ਦੇਣ ਵਿਚ ਕਾਮਯਾਬ ਹੋਏ ਹਨ।
ਫਿਲਮ ਸੰਘਰਸ਼ ਦੌਰਾਨ ਆਏ ਵੱਖ-ਵੱਖ ਮੋੜਾਂ ਘੋੜਾਂ, ਅਹਿਮ ਘਟਨਾਵਾਂ, ਸੰਘਰਸ਼ੀਲ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਵੱਲੋਂ ਇਹਨਾਂ ਦੇ ਟਾਕਰੇ ਦਾ ਖਾਕਾ ਪੇਸ਼ ਕਰਦੀ ਹੈ। ਸੰਘਰਸ਼ ਦੇ ਬਹੁਪਰਤੀ ਪਸਾਰਾਂ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਫਿਲਮ ਆਮ ਕਿਰਤੀਆਂ, ਜਿਉਂਦੇ ਜਾਗਦੇ ਮਨੁੱਖਾਂ ਦੇ ਦੁੱਖਾਂ-ਸੁੱਖਾਂ, ਦੁਸ਼ਵਾਰੀਆਂ, ਹੌਂਸਲੇ ਤੇ ਸਬਰ ਪ੍ਰਤੀ ਗਹਿਰੀ ਮਨੁੱਖੀ ਸੰਵੇਦਨਾ ਨਾਲ ਵੀ ਲਬਰੇਜ਼ ਹੈ।
ਫਿਲਮ ਦੀ ਪਰਦਾਪੇਸ਼ੀ ਤੋਂ ਬਾਅਦ ਦਰਸ਼ਕਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ. ਦਰਸ਼ਕਾਂ ਨੇ ਫਿਲਮ ਦੀ ਖੂਬਸੂਰਤੀ ਅਤੇ ਫ਼ਿਲਮਸਾਜ਼ ਦੇ ਉੱਦਮਾਂ ਨੂੰ ਸਲਾਹਿਆ ਵੀ, ਉਹਨਾਂ ਨਾਲ ਸਵਾਲ – ਜਵਾਬ ਵੀ ਕੀਤੇ ਅਤੇ ਮੰਨਿਆ ਕਿ ਫਿਲਮ ਨੇ ਉਸ ਲੰਬੇ ਸੰਘਰਸ਼ ਦੀਆਂ ਨਿੱਘੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ।
ਨਿਸ਼ਠਾ ਜੈਨ ਨਾਲ ਇਸ ਗੱਲ-ਬਾਤ ਦੇ ਸੈਸ਼ਨ ਨੂੰ ਪੱਤਰਕਾਰ ਅਰਸ਼ਦੀਪ ਅਰਸ਼ੀ ਨੇ ਸੰਚਾਲਿਤ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਮਨਪ੍ਰੀਤ ਜਸ ਨੇ ਕੀਤਾ। ਇਹ ਪ੍ਰੋਗਰਾਮ ਜਥੇਬੰਦੀਆਂ ਸਟੂਡੈਂਟਸ ਫੌਰ ਸੋਸਾਇਟੀ, ਤਰਕਸ਼ੀਲ ਸੋਸਾਇਟੀ ਪੰਜਾਬ, ਬੀਕੇਯੂ (ਡਕੌਂਦਾ) ਅਤੇ ਈਵਨਿੰਗ ਵਿਭਾਗ ਦੀ ਸਟੂਡੈਂਟ ਸੈਂਟਰਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਇਆ।