ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ਰਵਿਜ਼ਨ ਦੇ ਮਾਮਲੇ ‘ਚ DTF ਦਾ ਮਾਸ ਡੈਪੁਟੇਸ਼ਨ ਅਮਨ ਅਰੋੜਾ ਨਾਲ ਕਰੇਗਾ ਮੁਲਾਕਾਤ
ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ਰਵਿਜ਼ਨ ਦੇ ਮਾਮਲੇ ਵਿੱਚ ਡੀ.ਟੀ.ਐੱਫ. ਦੇ ਮਾਸ ਡੈਪੁਟੇਸ਼ਨ ਵੱਲੋਂ 14 ਜਨਵਰੀ (ਮੰਗਲਵਾਰ) ਨੂੰ ਦੁਪਹਿਰ ਬਾਅਦ (3:30PM) ਸੁਨਾਮ ਪੁੱਜਣ ਦਾ ਸੱਦਾ
ਸੰਗਰੂਰ, ਮਾਨਸਾ, ਬਰਨਾਲਾ ਅਤੇ ਪਟਿਆਲਾ ਜਿਲ੍ਹਿਆਂ ਦੇ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਵਿੱਚੋਂ ਸਰਗਰਮ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਮਾਸ ਡੈਪੁਟੇਸ਼ਨ ਦਾ ਹਿੱਸਾ ਬਣਨ ਦੀ ਅਪੀਲ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਿਤੀ 8-11-2024 ਨੂੰ ਜਾਰੀ ਇੱਕ ਮਾਰੂ ਪੱਤਰ ਦੇ ਹਵਾਲੇ ਨਾਲ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਵਿਜ਼ਨ ਅਤੇ ਰਿਕਵਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਸੀ। ਇਸ ਮਾਮਲੇ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ 15 ਦਸੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ (ਪੰਜਾਬ ਪ੍ਰਧਾਨ ‘ਆਪ’) ਦੀ ਰਿਹਾਇਸ਼/ਦਫ਼ਤਰ ਅੱਗੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ।
ਜਿਸ ਤੋਂ ਬਾਅਦ 16 ਦਸੰਬਰ ਨੂੰ ਅਰੋੜਾ ਨਾਲ ਜਥੇਬੰਦੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਮੌਕੇ ‘ਤੇ ਸਿੱਖਿਆ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਉਪਰੰਤ ਇਸ ਫੈਸਲੇ ‘ਤੇ ਰੋਕ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 8 ਜਨਵਰੀ ਨੂੰ ਡੀ.ਟੀ.ਐੱਫ. ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਣੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਮਾਮਲਾ ਜੋਰ ਸ਼ੋਰ ਨਾਲ ਰੱਖਿਆ ਗਿਆ।
ਇਸ ਮੀਟਿੰਗ ਵਿੱਚ ਚੀਮਾ ਵੱਲੋਂ ਮੌਕੇ ‘ਤੇ ਸਕੂਲ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਰਿਕਵਰੀ ਜਾਂ ਤਨਖ਼ਾਹ ਰਵਿਜ਼ਨ ਕਰਨ ਤੋਂ ਵਰਜਿਆ ਸੀ ਅਤੇ ਸਿੱਖਿਆ ਵਿਭਾਗ ਨੂੰ ਆਪਣੇ ਪੱਧਰ ‘ਤੇ ਤੁਰੰਤ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਸਨ।
ਇਸ ਸਭ ਦੇ ਬਾਵਜੂਦ ਸਿੱਖਿਆ ਵਿਭਾਗੀ ਵੱਲੋਂ ਇਸ ਅਸਪਸ਼ਟ ਅਤੇ ਗੈਰ ਵਾਜਿਬ ਪੱਤਰ ਦੇ ਅਧਾਰ ‘ਤੇ ਹੀ ਜਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਨੂੰ ਭਾਰੀ ਰਿਕਵਰੀਆਂ ਜਾਂ ਤਨਖ਼ਾਹ ਰਵਿਜ਼ਨ ਕਰਕੇ ਤਨਖ਼ਾਹ ਕਟੌਤੀ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਪੱਤਰ ‘ਤੇ ਰੋਕ ਲਗਾਉਣ ਦੇ ਭਰੋਸਿਆਂ ਨੂੰ ਹਕੀਕੀ ਤੌਰ ‘ਤੇ ਲਾਗੂ ਨਹੀਂ ਕੀਤਾ ਗਿਆ ਹੈ।
ਇਸ ਸਭ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ 14 ਜਨਵਰੀ ਨੂੰ ਦੁਪਹਿਰ 3:30 ਵਜੇ ਕੈਬਨਿਟ ਮੰਤਰੀ ਅਮਨ ਅਰੋੜਾ (ਪੰਜਾਬ ਪ੍ਰਧਾਨ ‘ਆਪ’) ਦੀ ਸੁਨਾਮ ਊਧਮ ਸਿੰਘ ਵਾਲਾ ਰਿਹਾਇਸ਼/ਦਫ਼ਤਰ ਵਿਖੇ ਮਾਸ ਡੈਪੁਟੇਸ਼ਨ ਦੇ ਰੂਪ ਵਿੱਚ ਪੁੱਜਣ ਅਤੇ ਇਸ ਮਾਮਲੇ ਬਾਰੇ ਸਮੂਹਿਕ ਰੂਪ ਵਿੱਚ ‘ਯਾਦ ਪੱਤਰ’ ਸੌਪਣ ਦਾ ਫੈਸਲਾ ਕੀਤਾ ਗਿਆ।
ਇਸ ਮਾਸ ਡੈਪੁਟੇਸ਼ਨ ਦਾ ਹਿੱਸਾ ਬਣਨ ਲਈ ਸੰਗਰੂਰ, ਮਾਨਸਾ, ਬਰਨਾਲਾ ਅਤੇ ਪਟਿਆਲਾ ਜਿਲ੍ਹਿਆਂ ਦੇ ਪੀ.ਟੀ.ਆਈ. ਅਤੇ ਆਰਟ ਕਰਾਫਟ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਹੈ ਤਾਂ ਜੋ ਸਰਕਾਰ ਦੇ ਇਸ ਮਾਰੂ ਫੈਸਲੇ ਨੂੰ ਰੁਕਵਾਉਣ ਲਈ ਮੁੜ ਜਥੇਬੰਦਕ ਪਹਿਲਕਦਮੀ ਕੀਤੀ ਜਾ ਸਕੇ। ਬਾਕੀ ਜਿਲ੍ਹਿਆਂ ਦੇ ਵੀ ਸੰਬੰਧਿਤ ਪੀਟੀਆਈ ਅਤੇ ਅਤੇ ਆਰਟ ਕਰਾਫਟ ਅਧਿਆਪਕ ਇੱਛਾ ਅਨੁਸਾਰ ਪਹੁੰਚ ਸਕਦੇ ਹਨ। ਇਹਨਾਂ ਜਿਲ੍ਹਿਆਂ ਦੀ ਡੀ.ਟੀ.ਐੱਫ. ਦੀ ਪ੍ਰਮੁੱਖ ਲੀਡਰਸ਼ਿਪ ਨੂੰ ਵੀ ਪੁੱਜਣ ਦੀ ਅਪੀਲ ਹੈ।