Punjab News: ਪੰਜਾਬ ਸਰਕਾਰ ਵੱਲੋਂ ਹੜਤਾਲੀ ਨਹਿਰੀ ਪਟਵਾਰੀਆਂ ਦੀ ਤਨਖਾਹ ਕੱਟਣ ਦੇ ਹੁਕਮ, ਡੀ.ਟੀ.ਐੱਫ. ਵੱਲੋਂ ਨਿਖੇਧੀ

All Latest NewsPunjab NewsTOP STORIES

 

ਪੰਜਾਬ ਨੈੱਟਵਰਕ, ਬਠਿੰਡਾ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਬਠਿੰਡਾ ਨੇ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਬੀਤੀ 3 ਜੂਨ ਨੂੰ ਨਹਿਰੀ ਪਟਵਾਰੀਆਂ ਦੀ ਹੜਤਾਲ ਦੇ ਸਮੇਂ ਦੀ ਤਨਖਾਹ ਕੱਟਣ ਦੇ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ ਹੈ।

ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਨੇ ਕਿਹਾ ਹੈ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਟਵਾਰੀਆਂ ਨੂੰ ਇਹ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ ਕਿ ਪੰਜਾਬ ਦੇ 100 ਪ੍ਰਤੀਸ਼ਤ ਖੇਤੀ ਅਧੀਨ ਰਕਬੇ ਤੱਕ ਨਹਿਰੀ ਪਾਣੀ ਦੀ ਪਹੁੰਚ ਹੋ ਗਈ ਹੈ।

ਜਦਕਿ ਨਹਿਰੀ ਪਟਵਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹੀ ਝੂਠੀ ਰਿਪੋਰਟ ਨਹੀਂ ਦੇ ਸਕਦੇ ਕਿਉਂਕਿ ਪੰਜਾਬ ਦੇ ਖੇਤੀ ਅਧੀਨ ਰਕਬੇ ਦੇ ਸਿਰਫ 22 ਤੋਂ 23 ਪ੍ਰਤੀਸ਼ਤ ਹਿੱਸੇ ਤੱਕ ਹੀ ਨਹਿਰੀ ਪਾਣੀ ਦੀ ਪਹੁੰਚ ਹੋਈ ਹੈ। ਇਸ ਤਕਰਾਰ ਦੇ ਚੱਲਦਿਆਂ 200 ਦੇ ਕਰੀਬ ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਅਤੇ ਉਹਨਾਂ ਦੀ ਜਥੇਬੰਦੀ ਦੇ ਪ੍ਰਧਾਨ ਜਸਕਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਸ ਦੇ ਰੋਸ ਵਜੋਂ ਇਹਨਾਂ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ ਆਰੰਭ ਕਰ ਦਿੱਤੀ ਗਈ। ਬਾਅਦ ਵਿੱਚ ਕਿਸਾਨ ਜਥੇਬੰਦੀਆਂ ਨਾਲ ਬਣੀ ਸਹਿਮਤੀ ਅਨੁਸਾਰ ਪਟਵਾਰੀਆਂ ਵੱਲੋਂ ਇਹ ਹੜਤਾਲ ਮੁਲਤਵੀ ਕਰਕੇ ਆਪਣੀ ਡਿਊਟੀ ਸੰਭਾਲ ਲਈ ਗਈ ਪ੍ਰੰਤੂ ਹੁਣ ਉਹਨਾਂ ਦੀ ਤਨਖਾਹ ਕੱਟਣ ਦੇ ਉਕਤ ਹੁਕਮ ਜਾਰੀ ਕੀਤੇ ਗਏ ਹਨ।

ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਇੱਕ ਤਾਨਾਸ਼ਾਹ ਅਧਿਕਾਰੀ ਹੈ ਅਤੇ ਸਿੱਖਿਆ ਵਿਭਾਗ ਵਿੱਚ ਹੁੰਦਿਆਂ ਵੀ ਉਸ ਨੇ ਅਜਿਹੇ ਜਾਅਲੀ 100 ਪ੍ਰਤੀਸ਼ਤ ਟੀਚਿਆਂ ਦੇ ਹੁਕਮ ਅਧਿਆਪਕਾਂ ਨੂੰ ਜਾਰੀ ਕਰਕੇ ਟੇਢੇ ਵਿੰਗੇ ਤਰੀਕਿਆਂ ਨਾਲ ਉਹਨਾਂ ਨੂੰ ਪੂਰਾ ਕਰਾ ਕੇ ਸਰਕਾਰ ਦੀ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਅਧਿਆਪਕ ਜਥੇਬੰਦੀਆਂ ਦੇ ਲਗਾਤਾਰ ਵਿਰੋਧ ਦੇ ਚੱਲਦੇ ਉਸਨੂੰ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਬਦਲਿਆ ਗਿਆ।

ਵਿੱਤ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਕਿਹਾ ਕਿ ਹੜਤਾਲ ਕਰਨਾ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ ਅਤੇ ਸਰਕਾਰ ਨੂੰ ਮਾਮਲੇ ਨੂੰ ਸਮਝ ਕੇ ਜਲਦੀ ਮੁਲਾਜ਼ਮਾਂ ਦੀ ਗੱਲ ਸੁਣ ਕੇ ਹੜਤਾਲ ਖਤਮ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਅਜਿਹੇ ਤਾਨਾਸ਼ਾਹੀ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਜਥੇਬੰਦੀ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਵਰਗਾ ਅਧਿਕਾਰੀ ਜਿੱਥੇ ਵੀ ਜਾਂਦਾ ਹੈ ਉਥੋਂ ਦੇ ਮੁਲਾਜ਼ਮਾਂ ਨਾਲ ਵਿਰੋਧ ਸਹੇੜ ਕੇ ਉਸ ਮਹਿਕਮੇ ਦਾ ਮਾਹੌਲ ਖਰਾਬ ਕਰਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਪਟਵਾਰੀਆਂ ਦੀ ਗੱਲ ਸੁਣ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਅਤੇ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ। ਨਾਲ ਹੀ ਉਹਨਾਂ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ।

 

Media PBN Staff

Media PBN Staff

Leave a Reply

Your email address will not be published. Required fields are marked *