ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਕੀਤੇ ਪਰਚਿਆਂ ‘ਚ 307 ਵਰਗੀਆਂ ਧਾਰਾਵਾਂ ਦੇ ਵਾਧੇ ਦੇ ਰੋਸ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਪੁਲਿਸ ਥਾਣਾ
ਜੇਕਰ ਪਰਚੇ ਰੱਦ ਨਾ ਹੋਏ ਤਾਂ ਲਾਇਆ ਜਾਵੇਗਾ ਪੱਕਾ ਮੋਰਚਾ – ਅਵਤਾਰ ਮਹਿਮਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਜਨਵਰੀ 2022 ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕਿਸਾਨਾਂ ਦੇ ਧਰਨੇ ਕਾਰਨ ਕਾਫਲਾ ਰੋਕੇ ਜਾਣ ਦੇ ਦਰਜ ਮੁਕਦਮੇ ਵਿੱਚ ਧਾਰਾ 307 ਅਤੇ ਹੋਰ ਧਰਾਵਾਂ ਦੇ ਵਾਧੇ ਕਰਨ ਅਤੇ ਅਦਾਲਤ ਵੱਲੋਂ ਕਿਸਾਨਾਂ ਨੂੰ ਸੰਮਣ ਜਾਰੀ ਕਰਨ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੱਦੇ ਤੇ ਥਾਣਾ ਕੁੱਲਗੜ੍ਹੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ|
ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ ਡਕੋੰਦਾ, ਕੌਮੀ ਕਿਸਾਨ ਯੂਨੀਅਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਜੱਥਿਆਂ ਸਮੇਤ ਸ਼ਮੂਲੀਅਤ ਕੀਤੀ| ਇਸ ਮੌਕੇ ਇਕੱਤਰ ਹੋਏ ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨਾਹਰੇਬਾਜ਼ੀ ਕਰਦਿਆਂ ਹੋਇਆਂ ਇਸ ਮੁਕਦਮੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਵਿੱਚ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਸਨ। ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫਤਰਾਂ ਤੇ ਪ੍ਰਧਾਨ ਮੰਤਰੀ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਡੀਸੀ ਦਫਤਰ ਜਾ ਰਹੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਸੜਕ ਉੱਪਰ ਰੋਕ ਲਿਆ ਗਿਆ ਸੀ| ਉਸ ਵਕਤ ਕਿਸੇ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਹਵਾਈ ਸਫਰ ਕਰਨ ਦੀ ਬਜਾਏ ਸੜਕੀ ਰਸਤੇ ਰਾਹੀਂ ਫਿਰੋਜ਼ਪੁਰ ਆਉਣਗੇ| ਉਹਨਾਂ ਦੱਸਿਆ ਕਿ ਸੜਕ ਉੱਪਰ ਜਾਮ ਲੱਗਾ ਹੋਣ ਕਰਕੇ ਡੇਢ ਕਿਲੋਮੀਟਰ ਪਿੱਛੋਂ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਪਿੱਛੇ ਵਾਪਸ ਮੁੜ ਗਿਆ| ਜਿਸ ਦਾ ਪਤਾ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਟੀਵੀ ਚੈਨਲਾਂ ਦੀਆਂ ਰਿਪੋਰਟਾਂ ਤੋਂ ਹੀ ਲੱਗਿਆ|
ਉਹਨਾਂ ਕਿਹਾ ਕਿ ਇਸ ਵੇਲੇ ਸਾਰੇ ਘਟਨਾਕਰਮ ਵਿੱਚ ਕਿਸਾਨਾਂ ਦਾ ਇਕ ਪ੍ਰਤੀਸ਼ਤ ਵੀ ਦੋਸ਼ ਨਹੀਂ ਹੈ ਕਿਉਂਕਿ ਕਿਸਾਨਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ| ਪਰ ਸਿਆਸੀ ਦਬਾਅ ਸਦਕਾ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਉੱਪਰ ਧਾਰਾ 283 ਅਧੀਨ ਮੁਕਦਮਾ ਦਰਜ ਕੀਤਾ ਗਿਆ ਤੇ ਬਾਅਦ ਵਿੱਚ ਧਾਰਾ 307 ਅਤੇ ਹੋਰ ਕਈ ਗਗੀਨ ਧਰਾਵਾਂ ਜੋੜ ਦਿੱਤੀਆਂ ਗਈਆਂ ਜਿਸ ਦਾ ਕਿਸੇ ਵੀ ਕਿਸਾਨ ਨੂੰ ਪਤਾ ਨਹੀਂ ਸੀ|
ਪਰ ਹੁਣ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਰਾਹੀਂ 22 ਤਰੀਕ ਨੂੰ ਕਿਸਾਨਾਂ ਨੂੰ ਫੜ ਕੇ ਪੇਸ਼ ਕਰਨ ਦਾ ਨੋਟਿਸ ਆਇਆ ਹੈ। ਜਿਸ ਤੇ ਚੱਲਦਿਆਂ ਅੱਜ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਇਸ ਸੰਗੀਨ ਧਰਾਵਾਂ ਤਹਿਤ ਦਰਜ ਕੀਤੇ ਝੂਠੇ ਪਰਚੇ ਨੂੰ ਮੁਕੰਮਲ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਪਰਚਾ ਰੱਦ ਨਹੀਂ ਹੋਇਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਰਨਲ ਸਕੱਤਰ ਰਜਿੰਦਰ ਸਿੰਘ ਦੀਪਸਿੰਘ ਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਮਹਿਮਾ, ਸੁਰਜੀਤ ਕੁਮਾਰ ਬਜੀਦਪੁਰ, ਬੀਕੇਯੂ ਡਕੌਦਾ ਦੇ ਜ਼ਿਲਾ ਆਗੂ ਗੁਲਜਾਰ ਸਿੰਘ ਕੱਬਰਵੱਛਾ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਬੁਈਆਂਵਾਲਾ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਸ ਯੂਨੀਅਨ ਦੇ ਆਗੂ ਰਣਜੀਤ ਸਿੰਘ ਖਾਲਸਾ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ|