ਫਿਰੋਜ਼ਪੁਰ: ਸੜਕ ਹਾਦਸੇ ‘ਚ ਮਾਰੇ ਗਏ ਮਜਦੂਰਾਂ ਦੇ ਪਰਿਵਾਰਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 50- 50 ਲੱਖ ਅਤੇ ਜਖ਼ਮੀਆਂ ਨੂੰ 10-10 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ :- ਛਾਂਗਾ ਰਾਏ, ਧਰਮੂਵਾਲਾ
ਪੰਜਾਬ ਨੈੱਟਵਰਕ, ਗੁਰੂਹਰਸਹਾਏ
ਅੱਜ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਭਿਆਨਕ ਸੜਕ ਹਾਦਸੇ ਵਿੱਚ ਵਿੱਚ ਮਾਰੇ ਗਏ 11 ਮਜ਼ਦੂਰਾਂ ਦੀ ਖਬਰ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਅਤੇ ਇਸ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਇਕਾਈਆਂ ਨੇ ਇਸ ਦਰਦਨਾਕ ਘਟਨਾ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਸ ਦੁੱਖ ਦਾਇਕ ਘਟਨਾ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਸੂਬਾ ਪ੍ਰਧਾਨ ਕਰਮਵੀਰ ਕੌਰ ਬਦਨੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮਲੋਟ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਛਪੜੀ ਵਾਲਾ ਨੇ ਪ੍ਰੈੱਸ ਦੇ ਨਾਮ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਮਜ਼ਦੂਰਾਂ ਨਾਲ ਅਜਿਹਾ ਹਾਦਸਾ ਬਹੁਤ ਹੀ ਦਰਦਨਾਕ ਅਤੇ ਪਰਿਵਾਰਾਂ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ ਅਤੇ ਉਨਾਂ ਦੀਆਂ ਉਕਤ ਦੋਨੋਂ ਜਥੇਬੰਦੀਆਂ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਉਹਨਾਂ ਦੇ ਨਾਲ ਹਨ।
ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸੂਬਾਈ ਆਗੂਆਂ ਨੇ ਉਕਤ ਘਟਨਾ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ 2 ਲੱਖ ਦੀ ਆਰਥਿਕ ਸਹਾਇਤਾ ਨੂੰ ਨਿਗੂਣਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਵਿੱਚ ਆਪਣੀ ਜਾਣ ਗਵਾਉਣ ਵਾਲੇ ਕਿਰਤੀ ਨੌਜਵਾਨ ਸਨ ਅਤੇ ਉਹਨਾਂ ਦੀ ਕਮਾਈ ਨਾਲ ਹੀ ਉਹਨਾਂ ਦੇ ਪਰਿਵਾਰ ਚਲਦੇ ਸਨ ਅਤੇ ਇਸ ਘਟਨਾ ਨੇ ਮ੍ਰਿਤਕਾਂ ਦੇ ਪਰਿਵਾਰ ਲਈ ਦੁਖਾਂ ਦੇ ਪਹਾੜ ਖੜੇ ਕਰ ਦਿੱਤੇ ਹਨ ਅਤੇ ਸਿਰਫ 2 ਲੱਖ ਨਾਲ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਣਾ ਬਹੁਤ ਔਖਾ ਹੈ।
ਉਕਤ ਆਗੂਆਂ ਨੇ ਮੰਗ ਕੀਤੀ ਹੈ ਕਿ ਮਰਨ ਵਾਲਿਆਂ ਦੇ ਪਰਿਵਾਰ ਨੂੰ ਘੱਟੋ ਘੱਟ 50-50 ਲੱਖ ਰੁਪਏ ਅਤੇ ਜਖਮੀਆਂ ਦੇ ਪਰਿਵਾਰ ਨੂੰ 10 ਲੱਖ ਰੁਪਏ ਸਰਕਾਰ ਵੱਲੋਂ ਆਰਥਿਕ ਮਦਦ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਪਰਮਜੀਤ ਢਾਬਾਂ, ਸੂਬਾਈ ਆਗੂ ਜਗਵਿੰਦਰ ਕਾਕਾ, ਹਰਮੇਲ ਸਿੰਘ ਉਬਾ, ਗੁਰਜੀਤ ਕੌਰ ਸਰਦੂਲ ਗੜ੍ਹ, ਨਵਜੀਤ ਸਿੰਘ ਸੰਗਰੂਰ, ਅਤੇ ਰਾਹੁਲ ਕੁਮਾਰ ਅਤੇ ਗੁਰਜੰਟ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਇਸ ਦਰਦਨਾਕ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।