ਸਭ ਲਈ ਰੁਜ਼ਗਾਰ ਦੀ ਗਾਰੰਟੀ ਕਾਨੂੰਨ “ਬਨੇਗਾ” ਦੀ ਪ੍ਰਾਪਤੀ ਲਈ ਹੋਵੇਗਾ 28 ਫਰਵਰੀ ਨੂੰ ਪੰਜਾਬ ਭਰ ‘ਚ ਐਕਸ਼ਨ-ਡੇਅ
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਜਵਾਨੀ ਦਾ ਦੇਸ਼ ਅਤੇ ਵਿਦੇਸ਼ ਵਿੱਚ ਹੋ ਰਿਹਾ ਹੈ ਅਪਮਾਨ:-ਛੱਪੜੀਵਾਲਾ,ਸਟਾਲਿਨ
ਬਨੇਗਾ ਐਕਸ਼ਨ ਨੂੰ ਕਾਮਯਾਬ ਕਰਨ ਲਈ ਬਲਾਕ ਜਲਾਲਾਬਾਦ ਚ ਕੀਤੀ ਗਈ ਮੀਟਿੰਗ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ( ਏਆਈਐਸਐਫ) ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਪੰਜਾਬ ਸੂਬੇ ਅੰਦਰ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ “ਭਗਤ ਸਿੰਘ ਨੈਸ਼ਨਲ ਇਮਪਲਾਇਮੈਂਟ ਗਾਰੰਟੀ ਐਕਟ (ਬਨੇਗਾ) ਅਤੇ ਛੇ ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਹਰ ਮਹੀਨੇ ਪੰਜਾਬ ਭਰ ਵਿੱਚ “ਐਕਸ਼ਨ ਡੇ” ਦੇ ਨਾਂ ‘ਤੇ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਇਸ ਤਹਿਤ ਹੁਣ 28 ਫਰਵਰੀ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਅਤੇ ਜ਼ਿਲ੍ਹੇ ਦੀਆਂ ਸਬ ਡਿਵੀਜ਼ਨਾਂ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਐਕਸ਼ਨ ਡੇ ਕੀਤਾ ਜਾਵੇਗਾ।
ਇਸ ਦੀ ਤਿਆਰੀ ਸਬੰਧੀ ਅੱਜ ਤਹਿਸੀਲ ਜਲਾਲਾਬਾਦ ਦੇ ਆਗੂਆਂ ਵੱਲੋਂ ਸਥਾਨਕ ਸੁਤੰਤਰ ਭਵਨ ਵਿਖੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬੱਤ ਨੌਜਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਆਈਐਸਐਫ ਦੇ ਸੂਬਾ ਪ੍ਰਧਾਨ ਸਾਥੀ ਰਮਨ ਧਰਮੂ ਵਾਲਾ ਨੇ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਬਨੇਗਾ ਕਾਨੂੰਨ ਨੂੰ ਪਾਸ ਕਰਵਾਉਣ ਲਈ ਜਥੇਬੰਦੀਆਂ ਵੱਲੋਂ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ।
ਇਸ ਤਹਿਤ 28 ਫਰਵਰੀ ਨੂੰ ਸੂਬੇ ਭਰ ਦੇ ਜ਼ਿਲ੍ਹਾ ਹੈਡਕੁਾਰਟਰਾਂ ਅਤੇ ਸਬ ਡਵੀਜਨਾਂ ‘ਤੇ ਐਕਸ਼ਨ ਡੇ ਵਜੋਂ ਇਹ ਦਿਨ ਮਨਾਇਆ ਜਾਵੇਗਾ। ਦੋਨਾਂ ਆਗੂਆਂ ਨੇ ਵੱਖ-ਵੱਖ ਪਲੇਟਫਾਰਮਾਂ ਤੇ ਰੁਜ਼ਗਾਰ ਦੀ ਲੜਾਈ ਲੜ ਰਹੇ ਸਮੂਹ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਪਾਸ ਕਰਵਾਉਣ ਲਈ ਇਸ ਐਕਸ਼ਨ ਡੇ ਵਿੱਚ ਸ਼ਾਮਿਲ ਹੋਣ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀਵਾਲਾ ਅਤੇ ਏਆਈਐਸਐਫ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਜਵਾਨੀ ਦਾ ਦੇਸ਼ ਅਤੇ ਵਿਦੇਸ਼ ਵਿੱਚ ਅਪਮਾਨ ਹੋ ਰਿਹਾ ਹੈ।
ਬਲਾਕ ਪ੍ਰਧਾਨ ਅਸ਼ੋਕ ਢਾਬਾਂ ਅਤੇ ਸੀਨੀਅਰ ਆਗੂ ਨਰਿੰਦਰ ਢਾਬਾਂ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ‘ਚ ਡੀਸੀ ਦਫ਼ਤਰ ਅਤੇ ਐਸਡੀਐਮ ਦਫ਼ਤਰ ਜਲਾਲਾਬਾਦ ਸਾਹਮਣੇ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਬਨੇਗਾ ਦੀ ਪ੍ਰਾਪਤੀ ਲਈ ਐਕਸ਼ਨ ਡੇ ਵਜੋਂ ਮਨਾਇਆ ਜਾਵੇਗਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਨੌਜਵਾਨ ਸਭਾ ਦੇ ਖਿਜਾਨਚੀ ਸੁਰਿੰਦਰ ਬਾਹਮਣੀ ਵਾਲਾ ਅਤੇ ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਗੁਰਮੁੱਖ ਸਿੰਘ ਢੰਡੀਆਂ ਨੇ ਵੀ ਸੰਬੋਧਨ ਕੀਤਾ।