ਭਗਵੰਤ ਮਾਨ ਸਰਕਾਰ ਖ਼ਿਲਾਫ਼ ਹੁਣ ਤਹਿਸੀਲਦਾਰਾਂ ਸਮੇਤ ਹੋਰ ਮਾਲ ਅਫ਼ਸਰਾਂ ਨੇ ਕੀਤਾ ਵੱਡੇ ਐਕਸ਼ਨ ਦਾ ਐਲਾਨ!
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵਰਤੀ ਗਈ ਸਖਤੀ ਤੋਂ ਬਾਅਦ ਜਿੱਥੇ ਲੰਘੀ ਦੇਰ ਸ਼ਾਮ ਕਈ ਤਹਿਸੀਲਦਾਰਾਂ ਦੇ ਵੱਲੋਂ ਆਪਣੀ ਡਿਊਟੀ ਜੁਆਇਨ ਕਰਨ ਲਈ ਗਈ, ਉਤੇ ਹੀ ਦੂਜੇ ਪਾਸੇ ਹਾਲੇ ਵੀ ਵੱਡੇ ਪੱਧਰ ‘ਤੇ ਤਹਿਸੀਲਦਾਰਾਂ ਅਤੇ ਮਾਲ ਅਫਸਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਅਸਲ ਮੁੱਦਿਆਂ ਤੋਂ ਸਰਕਾਰ ਭੜਕ ਚੁੱਕੀ ਹੈ ਤੇ ਉਹਨਾਂ ਦੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ।
ਆਪਣੇ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਮਾਲ ਅਫਸਰਾਂ ਦੁਆਰਾ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਕੰਮ ਸੰਬੰਧੀ ਵਿਜੀਲੈਂਸ ਵਿਭਾਗ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਕੀਤੀ ਜਾ ਰਹੀ ਨਾਜਾਇਜ਼ ਕਾਰਵਾਈ/ਝੂਠੇ ਮੁਕੱਦਮਿਆਂ ਦੇ ਰੋਸ ਵਜੋਂ ਮਾਲ ਅਧਿਕਾਰੀਆਂ ਵੱਲੋਂ ਦਫ਼ਤਰਾਂ ਦੇ ਬਾਕੀ ਸਾਰੇ ਕੰਮ ਕਰਦੇ ਹੋਏ ਇਕੱਲਾ ਰਜਿਸਟ੍ਰੇਸ਼ਨ ਦਾ ਕੰਮ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਕਰਕੇ ਸਰਕਾਰ ਵੱਲੋਂ ਮਾਲ ਵਿਭਾਗ ਦੀਆਂ ਸਮੂਹ ਜੱਥੇਬੰਦੀਆਂ (ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ, ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ, ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ) ਦੀ ਸਾਂਝੇ ਰੂਪ ਵਿੱਚ ਬਣੀ ਸਾਂਝੀ ਐਕਸ਼ਨ ਕਮੇਟੀ, ਮਾਲ ਵਿਭਾਗ, ਪੰਜਾਬ ਨੂੰ ਮਿਤੀ 04-03-2025 ਨੂੰ ਚੰਡੀਗੜ੍ਹ ਸਥਿਤ ਸਕੱਤਰੇਤ ਵਿਖੇ ਮੀਟਿੰਗ ਲਈ ਸੱਦਿਆ ਗਿਆ, ਪਰ ਸਰਕਾਰ ਵੱਲੋਂ ਜਥੇਬੰਦੀ ਨਾਲ ਮੀਟਿੰਗ ਹੀ ਨਹੀਂ ਕੀਤੀ ਗਈ।
ਸਰਕਾਰ ਵੱਲੋਂ ਮੀਡੀਆ/ਸੋਸ਼ਲ ਮੀਡੀਆ ਰਾਹੀਂ ਵੀ ਮਾਲ ਵਿਭਾਗ ਦੇ ਮੁਲਾਜ਼ਮਾਂ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ, ਜਿਸ ਦਾ ਸਭਨਾਂ ਵਿੱਚ ਬਹੁਤ ਰੋਸ ਹੈ। ਹੁਣ ਸਰਕਾਰ ਵੱਲੋਂ ਡੇਢ ਦਰਜਨ ਦੇ ਕਰੀਬ ਮਾਲ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ ਗਏ ਹਨ, ਜਿਸ ਦੀ ਜਥੇਬੰਦੀ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ।
ਸਰਕਾਰ ਦੀ ਇਹ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਲਈ ਸਾਂਝੀ ਐਕਸ਼ਨ ਕਮੇਟੀ, ਮਾਲ ਵਿਭਾਗ, ਪੰਜਾਬ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ ਦੇ ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੂਬੇ ਦੇ ਡੀ.ਸੀ. ਦਫ਼ਤਰਾਂ ਦੇ ਸਮੂਹ ਕਰਮਚਾਰੀ, ਸੂਬੇ ਦੇ ਸਮੂਹ ਕਾਨੂੰਗੋ ਅਤੇ ਸੂਬੇ ਦੇ ਸਮੂਹ ਪਟਵਾਰੀ ਰੋਸ ਪ੍ਰਦਰਸ਼ਨ ਕਰਨਗੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਰੋਸ ਪ੍ਰਗਟਾਉਂਣਗੇ। ਹਾਲਾਂਕਿ, ਸੂਤਰਾਂ ਦੇ ਹਵਾਲੇ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ, ਕਈ ਮਾਲ ਅਫ਼ਸਰ ਅੱਜ ਵੀ ਸਮੂਹਿਕ ਛੁੱਟੀ ਤੇ ਰਹਿ ਕੇ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਣਗੇ।
ਇਸ ਤੋਂ ਇਲਾਵਾ ਅੱਜ ਮੋਗਾ ਵਿਖੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕੀਤੀ ਜਾਵੇਗੀ, ਇਸ ਮੀਟਿੰਗ ਵਿੱਚ ਸਾਂਝੀ ਐਕਸ਼ਨ ਕਮੇਟੀ ਦੇ ਸਮੂਹ ਆਗੂ ਸਾਹਿਬਾਨ, ਮੁਅੱਤਲ ਹੋਏ ਮਾਲ ਅਧਿਕਾਰੀ ਅਤੇ ਹੋਰ ਮੁਲਾਜ਼ਮ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਅਗਲੇ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।